ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਰੁੱਝ ਕੇ ਆਪਣੀਆਂ ਪਹਿਲਿਆਂ ਵਿੱਚ ਮਾਣੀਆਂ ਮੌਜਾਂ ਨੂੰ ਯਾਦ ਕਰਦਾ ਹੋਵੇ, ਉਦੋਂ ਇੰਜ ਆਖਦੇ ਹਨ।

ਭੁੱਲ ਗਏ ਉਹ ਲੀਰ ਪਰਾਂਦੇ ਜਾਂ ਮੌਲਾ ਦਿਨ ਸਿੱਧੇ ਆਂਦੇ———ਜਦੋਂ ਕੋਈ ਗ਼ਰੀਬ ਬੰਦਾ ਅਮੀਰ ਹੋ ਕੇ ਆਪਣੇ ਗ਼ਰੀਬੀ ਦੇ ਦਿਨਾਂ ਨੂੰ ਭੁੱਲ ਜਾਵੇ, ਉਦੋਂ ਕਹਿੰਦੇ ਹਨ।

ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜਕੜੀਆਂ, ਤਿੰਨੇ ਗੱਲਾਂ ਯਾਦ ਰਹੀਆਂ ਲੂਣ ਤੇਲ ਲੱਕੜੀਆਂ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਕੰਵਾਰਾ ਰਹਿ ਕੇ ਮੌਜਾਂ ਮਾਣਦਾ ਰਿਹਾ ਹੋਵੇ ਤੇ ਵਿਆਹੇ ਜਾਣ ਮਗਰੋਂ ਘਰ ਦੇ ਧੰਦਿਆਂ ਵਿੱਚ ਬੁਰੀ ਤਰ੍ਹਾਂ ਫਸ ਜਾਵੇ।

ਭੁੱਲਾ ਉਹ ਨਾ ਜਾਣੀਏਂ ਜੋ ਮੁੜ ਘਰ ਆਵੇ———ਭਾਵ ਇਹ ਹੈ ਕਿ ਜਿਹੜਾ ਬੰਦਾ ਕੋਈ ਗ਼ਲਤੀ ਕਰਕੇ ਆਪਣੀ ਭੁੱਲ ਮੰਨ ਲਵੇ ਤੇ ਪਸ਼ਚਾਤਾਪ ਕਰਕੇ ਆਪਣੇ ਆਪ ਨੂੰ ਸੁਧਾਰ ਲਵੇ ਉਸ ਨੂੰ ਭੁੱਲਿਆ ਹੋਇਆ ਨਹੀਂ ਆਖਦੇ।

ਭੁੱਖੇ ਭਗਤ ਨਾ ਕੀਜੈ, ਯੇਹ ਮਾਲਾ ਆਪਣੀ ਲੀਜੈ———ਭਾਵ ਇਹ ਹੈ ਕਿ ਭੁੱਖਿਆਂ ਤਾਂ ਭਗਤੀ ਵੀ ਨਹੀਂ ਹੁੰਦੀ।

ਭੂਰਾ ਸ਼ਾਲ, ਭੂਰਾ ਦੋਸ਼ਾਲਾ, ਇਕੋ ਗਲ ਭੂਰੇ ਦੀ ਮਾੜੀ, ਵੇਖੋ ਭੂਰਾ ਤੇ ਫੜੇ ਵਗਾਰੀ———ਭਾਵ ਇਹ ਹੈ ਕਿ ਪਹਿਰਾਵਾ ਮਨੁੱਖ ਦੇ ਮਾਨ-ਸਨਮਾਨ ਦਾ ਪ੍ਰਤੀਕ ਹੈ। ਸਾਦੀ ਪੁਸ਼ਾਕ ਪਹਿਨਣ ਵਾਲੇ ’ਤੇ ਹਰ ਕੋਈ ਰੋਹਬ ਛਾਂਟਣ ਲੱਗ ਜਾਂਦਾ ਹੈ।

ਭੂਰੇ ਨੂੰ ਹੱਥ ਨਾ ਪਾਈਏ, ਦੁਸ਼ਾਲਾ ਨਾ ਲੁਹਾਈਏ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਤੁਸੀਂ ਆਪਣੀ ਇੱਜ਼ਤ ਆਬਰੂ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਦੂਜੇ ਦੀ ਬੇਇੱਜ਼ਤੀ ਨਾ ਕਰੋ, ਜੇ ਅਜਿਹਾ ਕਰੋਗੇ ਤਾਂ ਅਗਲਾ ਅੱਗੋਂ ਇਕ ਦੀਆਂ ਦਸ ਸੁਣਾਏਗਾ।

ਭੇਡ ਦਾ ਭੱਜਾ ਚੂਕਣਾ, ਨਾ ਕਿਸੇ ਰੋਣਾ ਨਾ ਕਿਸੇ ਕੂਕਣਾ———ਜੇਕਰ ਕਿਸੇ ਮਾੜੇ ਜਾਂ ਗਰੀਬ ਬੰਦੇ ਦੇ ਘਰ ਕੋਈ ਮੰਦਭਾਗੀ ਘਟਨਾ ਵਾਪਰ ਜਾਵੇ ਤਾਂ ਕੋਈ ਉਹਦੇ ਘਰ ਅਫ਼ਸੋਸ ਕਰਨ ਨਹੀਂ ਜਾਂਦਾ। ਇਹ ਜਗ ਦੀ ਰੀਤ ਹੈ।

ਭੇਡ ਦਾ ਮੁੱਲ, ਉਠ ਦਾ ਝੂੰਗਾ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਸੌਦਾ ਤਾਂ ਥੋੜ੍ਹੇ ਮੁੱਲ ਦਾ ਹੋਵੇ, ਪ੍ਰੰਤੂ ਝੂੰਗੇ ਵਿੱਚ ਸੌਦੇ ਨਾਲੋਂ ਮਹਿੰਗੀ ਵਸਤੂ ਦੀ ਮੰਗ ਕੀਤੀ ਜਾਵੇ।

ਭੇਡ ਰੱਖੀ ਉਂਨ ਨੂੰ ਬੰਨ੍ਹੀ ਖਾਏ ਕਪਾਹ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕੰਮ ਲਾਭ ਲਈ ਕੀਤਾ ਜਾਏ ਪ੍ਰੰਤੂ ਲਾਭ ਦੀ ਥਾਂ ਨੁਕਸਾਨ ਹੋਵੇ।

ਭੇਡਾਂ ਨੇ ਉਂਨ ਹੀ ਲੁਹਾਣੀ ਏ ਕੋਈ ਲਾਹ ਲਏ———ਭਾਵ ਇਹ ਕਿ ਦੁਕਾਨਦਾਰ ਨੇ ਤਾਂ ਗਾਹਕਾਂ ਨੂੰ ਲੁੱਟਣਾ ਹੀ ਹੈ, ਚਾਹੇ ਕਿਸੇ ਦੁਕਾਨਦਾਰ ਪਾਸੋਂ ਲੁਟਾਈ ਕਰਵਾ ਲਵੋ।

ਲੋਕ ਸਿਆਣਪਾਂ/139