ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਯਮਲਾ ਜੱਟ, ਖ਼ਦਾ ਨੂੰ ਲੈ ਗਏ ਚੋਰ———ਜਦੋਂ ਕੋਈ ਬੰਦਾ ਜਾਣ-ਬੁੱਝ ਕੇ ਕਿਸੇ ਮਾਮਲੇ ਵਿੱਚ ਮਚਲਾ ਬਣ ਬੈਠੇ, ਉਦੋਂ ਆਖਦੇ ਹਨ।

ਯਾਰਾਨੇ ਲਾਉਣੇ ਊਠਾਂ ਵਾਲਿਆਂ ਨਾਲ ਤੇ ਦਰ ਰੱਖਣੇ ਭੀੜੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਸਧਾਰਨ ਬੰਦਾ ਸੱਤਾਧਾਰੀ ਤੇ ਸ਼ਕਤੀਸ਼ਾਲੀ ਬੰਦਿਆਂ ਨਾਲ ਭਾਈਵਾਲੀ ਪਾਉਂਦਾ ਫਿਰੇ, ਪ੍ਰੰਤੂ ਉਹਨਾਂ ਨੂੰ ਆਪਣੇ ਘਰ ਲਿਆਉਣ ਤੋਂ ਝਿਜਕੇ ਜਾਂ ਉਹਨਾਂ ਦੇ ਬਰਾਬਰ ਦਾ ਹੋ ਕੇ ਨਾ ਨਿਬੜੇ।

ਯਾਰ ਉਹ ਜੋ ਮੈਦਾਨ ਪੁੱਕਰੇ———ਭਾਵ ਇਹ ਹੈ ਕਿ ਮਿੱਤਰ ਉਹੀ ਹੈ ਜਿਹੜਾ ਭੀੜ ਬਣੇ ਤੇ ਕੰਮ ਆਵੇ।

ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਹੀਂ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਿੱਤਰ ਪਿਆਰੇ ਵੱਲ ਪਿਆਰ ਭਾਵਨਾ ਨਾਲ ਹੀ ਵੇਖਣਾ ਚਾਹੀਦਾ ਹੈ, ਉਹਦੇ ਐਬਾਂ ਤੇ ਔਗੁਣਾਂ ਵੱਲ ਨਹੀਂ ਝਾਕੀ ਦਾ।

ਯਾਰ ਯਾਰਾਂ ਨੂੰ ਇੰਜ ਮਿਲਦੇ ਜਿਉਂ ਘੜੇ ਨੂੰ ਵੱਟਾ———ਜਦੋਂ ਦੋ ਜਾਣਕਾਰ ਮਿਲਦਿਆਂ ਸਾਰ ਹੀ ਆਪਸ ਵਿੱਚ ਝਗੜਾ ਕਰ ਲੈਣ, ਉਦੋਂ ਇਹ ਅਖਾਣ ਬੋਲਦੇ ਹਨ।

ਯਾਰਾਂ ਨਾਲ ਬਹਾਰਾਂ———ਜਦੋਂ ਇਹ ਦਰਸਾਉਣਾ ਹੋਵੇ ਕਿ ਜ਼ਿੰਦਗੀ ਜਿਉਣ ਦਾ ਸੁਆਦ ਤਾਂ ਉਦੋਂ ਹੀ ਆਉਂਦਾ ਹੈ ਜੇ ਸੱਜਣ-ਮਿੱਤਰ ਨਾਲ ਹੋਣ, ਉਦੋਂ ਇੰਜ ਆਖਦੇ ਹਨ।

ਯਾਰੀ ਇਕੋ ਜੇਡਿਆਂ ਦੀ, ਦੁਆ ਹੱਥ ਜੰਜਾਲ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਦੋਸਤੀ ਤਾਂ ਹੀ ਨਿਭਦੀ ਹੈ ਜੇਕਰ ਤੁਹਾਡਾ ਦੋਸਤ ਤੁਹਾਡਾ ਹਾਣੀ ਹੋਵੇ। ਭਾਵ ਇਹ ਹੈ ਕਿ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ।

ਯਾਰੀ ਨਾ ਹੋਈ ਛੋਲਿਆਂ ਦਾ ਵਢ ਹੋਇਆ———ਜਦੋਂ ਕੋਈ ਦੋਸਤ-ਮਿੱਤਰ ਆਪਣੀ ਦੋਸਤੀ ’ਤੇ ਪੂਰਾ ਨਾ ਉਤਰ ਕੇ ਆਪਣੀ ਦੋਸਤੀ ਦੇ ਫ਼ਰਜ਼ ਨੂੰ ਨਾ ਨਿਭਾਵੇ, ਉਦੋਂ ਇੰਜ ਆਖਦੇ ਹਨ।

ਰੱਸੀ ਸੜ ਗਈ ਵੱਟ ਨਾ ਗਿਆ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਬੰਦਾ ਆਰਥਿਕ ਪੱਖੋਂ ਕੰਗਾਲ ਹੋ ਕੇ ਵੀ ਆਪਣੀ ਪੁਰਾਣੀ ਟੀਪ-ਟਾਪ ਵਾਲੀ ਆਕੜ ਨਾ ਛੱਡੇ।

ਰਹਿੰਦੀ ਰਹਿੰਦੀ ਰਹਿ ਨਾ ਸਕਾਂ———ਜਦੋਂ ਕੋਈ ਬੰਦਾ ਕਿਸੇ ਕੰਮ ਨੂੰ ਝਿਜਕਦਾ ਝਿਜਕਦਾ ਸਿਰੇ ਚਾੜ੍ਹ ਦੇਵੇ, ਉਦੋਂ ਆਖਦੇ ਹਨ।

ਲੋਕ ਸਿਆਣਪਾਂ/148