ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨੇ ਵਿੱਚ ਛੇਕ ਹੋਣਾ-ਦੁੱਖ ਦੀ ਸੱਟ ਮਹਿਸੂਸ ਕਰਨੀ।
ਸੀਰਮੇ ਪੀ ਜਾਣਾ-ਮਾਰ ਦੇਣਾ।
ਸੁਆਸਾਂ ਦਾ ਧਾਗਾ ਟੁੱਟਣਾ-ਪ੍ਰਾਣ ਤਿਆਗ ਦੇਣੇ, ਮਰ ਜਾਣਾ।
ਸੁਆਹ ਉਡਣਾ-ਲੋਕਾਂ ਵਿੱਚ ਬੇਇਜ਼ਤੀ ਹੋ ਜਾਣੀ।
ਸੁਹਾਗ ਲੁੱਟ ਲੈਣਾ-ਪਤੀ ਦੀ ਮੌਤ ਹੋ ਜਾਣੀ।
ਸੁਹਾਗਾ ਫੇਰਨਾ-ਕੀਤੇ ਕਤਰੇ ਕੰਮ ਦਾ ਮਲੀਆ ਮੇਟ ਕਰ ਦੇਣਾ, ਕੰਮ ਦਾ ਨਾਸ਼ ਹੋ ਜਾਣਾ।
ਸੁੱਕ ਕੇ ਤੀਲਾ ਹੋਣਾ-ਫ਼ਿਕਰ ਜਾਂ ਬੀਮਾਰੀ ਕਰਕੇ ਸਰੀਰ ਦਾ ਨਿਰਬਲ ਹੋ ਜਾਣਾ, ਕਮਜ਼ੋਰ ਹੋਣਾ।
ਸੁੱਕਣੇ ਪਾ ਛੱਡਣਾ-ਕਿਸੇ ਨੂੰ ਇਕੋ ਥਾਂ ਬਹਾ ਕੇ ਮੁੜ ਕੇ ਉਹਦੀ ਬਾਤ ਨਾ ਪੁੱਛਣੀ, ਤੰਗ ਕਰਨਾ।
ਸੁੱਕਾ ਬਚਣਾ-ਕਿਸੇ ਕਿਸਮ ਦਾ ਨੁਕਸਾਨ ਨਾ ਹੋਣਾ, ਬੱਚ ਜਾਣਾ।
ਸੁੱਕੇ ਸੰਘ ਅੜਾਉਣਾ-ਊਈਂ ਮੀਚੀਂ ਰੋਣਾ, ਪਖੰਡ ਕਰਨਾ।
ਸੁੱਕੇ ਬਾਗ ਹਰੇ ਹੋਣੇ-ਕਿਸਮਤ ਜਾਗਣੀ, ਉਦਾਸੀ ਦਾ ਖ਼ੁਸ਼ੀ ਵਿੱਚ ਬਦਲ ਜਾਣਾ।
ਸੁੱਖ ਦਾ ਸਾਹ ਆਉਣਾ-ਔਖੇ ਦਿਨ ਬੀਤ ਜਾਣ ਮਗਰੋਂ ਸੁਖੀ ਜ਼ਿੰਦਗੀ ਸ਼ੁਰੂ ਹੋਣੀ।
ਸੁੱਖ ਦੀ ਨੀਂਦਰ ਸੌਣਾ-ਨਿਸ਼ਚਿੰਤ ਹੋ ਕੇ ਸੌਣਾ, ਚੰਗੇ ਦਿਨ ਆਉਣੇ।
ਸੁੱਜ ਭੜੋਲਾ ਬਣਨਾ-ਰੁਸ ਕੇ ਮੂੰਹ ਮੋਟਾ ਕਰ ਲੈਣਾ।
ਸੁੰਵ ਮਸਾਣ ਵਰਤਣਾ-ਮੜ੍ਹੀਆਂ ਵਾਂਗ ਚੁੱਪ ਛਾ ਜਾਣੀ, ਬਿਲਕੁਲ ਚੁੱਪ ਹੋਣੀ।
ਸੁੱਟ ਪਾਉਣਾ-ਕਿਸੇ ਚੀਜ਼ ਨੂੰ ਮਹਿੰਗੀ ਸਸਤੀ ਕਰਕੇ ਵੇਚ ਦੇਣਾ, ਗਲੋਂ ਲਾਹੁਣਾ।
ਸੁਣਾਉਤਾਂ ਸੁੱਟਣਾ-ਕਿਸੇ ਖ਼ਾਸ ਮੰਤਵ ਲਈ ਗੱਲਾਂ ਕਰਨੀਆਂ, ਸੁਝਾ ਦੇਣੇ, ਤਾਹਨੇ ਮਾਰ ਕੇ ਵੰਗਾਰਨਾ।
ਸੁਣੀ ਅਣਸੁਣੀ ਕਰਨਾ-ਧਿਆਨ ਨਾ ਦੇਣਾ, ਮੰਨਣਾ ਨਾ।
ਸੁੱਤੀ ਕਲਾ ਜਗਾਉਣੀ-ਖ਼ਤਮ ਹੋਏ ਝਗੜੇ ਨੂੰ ਨਵੇਂ ਸਿਰਿਓਂ ਖੜ੍ਹਾ ਕਰ ਲੈਣਾ।
ਸੁਪਨਾ ਹੋ ਜਾਣਾ-ਆਸ ਮੁੱਕ ਜਾਣੀ, ਮੁੜ ਕੇ ਵਾਪਸ ਆਉਣ ਦੀ ਆਸ ਨਾ ਹੋਣੀ।

ਲੋਕ ਸਿਆਣਪਾਂ/186