ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅੱਗੇ ਖ਼ੂਹ ਪਿੱਛੇ ਖਾਈ——ਇਹ ਅਖਾਣ ਦੁਬਿਧਾ ਵਿੱਚ ਫਸੇ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਪ੍ਰਗਟ ਕਰਦਾ ਹੈ।

ਅੱਗ਼ੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ——ਇਸ ਅਖਾਣ ਰਾਹੀਂ ਨਿਮਰਤਾ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।

ਅੱਗਾ ਦੌੜ ਪਿੱਛਾ ਚੌੜ——ਕਈ ਵਾਰ ਛੇਤੀ-ਛੇਤੀ ਕੰਮ ਮੁਕਾਉਣ ਲੱਗਿਆਂ ਹੱਥਲੇ ਕੰਮ ਦਾ ਨੁਕਸਾਨ ਹੋ ਜਾਂਦਾ ਹੈ। ਜਦੋਂ ਅਜਿਹਾ ਹੋਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਅੱਗੇ ਨਹੀਂ ਸੀ ਉਜੜੀ ਹੁਣ ਦੀਨਾ ਰਾਖਾ ਰੱਖਿਆ——ਕਿਸੇ ਵਿਸ਼ਵਾਸਘਾਤੀ ਅਤੇ ਬੇਈਮਾਨ ਬੰਦੇ ਦੇ ਚਰਿੱਤਰ ਨੂੰ ਗੁੱਝੇ ਰੂਪ ਵਿੱਚ ਦੱਸਣ ਲਈ ਇਹ ਅਖਾਣ ਬੋਲਦੇ ਹਨ।

ਅੱਗੇ ਪਿੱਛੇ ਚੰਗੀ, ਦਿਨ ਦਿਹਾਰ ਮੰਦੀ——ਜਦੋਂ ਨਿੱਤ ਵਿਹਾਰ ਦਾ ਕੰਮ ਸਹੀ ਚੱਲਦਾ-ਚੱਲਦਾ ਕਿਸੇ ਦਿਨ ਦਿਹਾਰ ਤੇ ਵਿਗੜ ਜਾਵੇ, ਉਦੋਂ ਇੰਜ ਆਖਦੇ ਹਨ।

ਅਗੇਤਾ ਝਾੜ, ਪਛੇਤੀ ਸੱਥਰੀ——ਇਸ ਅਖਾਣ ਦਾ ਭਾਵ ਇਹ ਹੈ ਕਿ ਫ਼ਸਲ ਅਗੇਤੀ ਤੇ ਸਮੇਂ ਸਿਰ ਬੀਜਣ ਤੇ ਚੰਗਾ ਝਾੜ ਦੇਂਦੀ ਹੈ, ਪਛੇਤੀ ਬੀਜੀ ਫ਼ਸਲ ਤੋਂ ਬਹੁਤ ਘੱਟ ਝਾੜ ਪ੍ਰਾਪਤ ਹੁੰਦਾ ਹੈ।

ਅੱਗੋਂ ਮਿਲੀ ਨਾ, ਪਿੱਛੋਂ ਕੁੱਤਾ ਲੈ ਗਿਆ——ਜਦੋਂ ਕੋਈ ਲਾਲਚੀ ਬੰਦਾ ਥੋੜ੍ਹੀ ਪ੍ਰਾਪਤੀ ਹਾਸਿਲ ਕਰਕੇ ਵੱਡੀ ਪ੍ਰਾਪਤੀ ਲਈ ਯਤਨ ਕਰਦਾ ਪਹਿਲੀ ਵੀ ਗੁਆ ਬੈਠੇ, ਉਦੋਂ ਇੰਜ ਆਖਦੇ ਹਨ।

ਅੱਛਾ ਬੀਜ ਤੇ ਚੋਖੀ ਖਾਦ, ਮਾਲਕ ਖ਼ੁਸ਼ ਮਜ਼ਾਰਾ ਨਾਸ਼ਾਦ——ਇਸ ਅਖਾਣ ਵਿੱਚ ਫ਼ਸਲ ਦਾ ਵਧੀਆ ਤੇ ਚੋਖਾ ਝਾੜ ਪ੍ਰਾਪਤ ਕਰਨ ਲਈ ਚੰਗੇ ਬੀਜ ਦੀ ਚੋਣ ਅਤੇ ਖ਼ਾਦ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਫ਼ਸਲ ਦਾ ਚੰਗੇਰਾ ਝਾੜ ਮਾਲਕ ਅਤੇ ਮਜ਼ਾਰੇ ਨੂੰ ਖੁਸ਼ ਕਰ ਦੇਂਦਾ ਹੈ।

ਅੱਜ ਖਾਹ ਭਲਕੇ ਖ਼ੁਦਾ——ਅੱਜ ਖਾ ਪੀ ਕੇ ਮੌਜਾਂ ਕਰੋ ਭਲਕੇ ਆਪੇ ਰੱਬ ਦੇਵੇਗਾ। ਖਾਣ-ਪੀਣ ਤੇ ਮੌਜ ਮਸਤੀ ਕਰਨ ਵਾਲੇ਼ ਬੰਦਿਆਂ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ——ਭਾਵ ਸਪੱਸ਼ਟ ਹੈ ਕਿ ਅੱਜ ਕਰਨ ਵਾਲਾ ਕੰਮ ਅੱਜ ਹੀ ਨਬੇੜੋ, ਭਲਕ ਤੇ ਛੱਡਣ ਨਾਲ਼ ਕੰਮ ਪਛੜ ਜਾਵੇਗਾ।

ਅੱਜ ਮੋਏ, ਕੱਲ ਦੂਜਾ ਦਿਨ——ਜੀਵਨ ਸਥਿਰ ਨਹੀਂ, ਇਸ ਦੀ ਅਨ-ਸਥਿਰਤਾ ਦੱਸਣ ਲਈ ਇਹ ਅਖਾਣ ਵਰਤਦੇ ਹਨ।

ਅੱਜ ਵੀ ਮਰਨਾ, ਕੱਲ੍ਹ ਵੀ ਮਰਨਾ, ਇਸ ਮਰਨੇ ਤੋਂ ਫੇਰ ਕੀ ਡਰਨਾ——ਸੂਰਮੇ ਤੇ

ਲੋਕ ਸਿਆਣਪਾਂ/19