ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਨ੍ਹਾ ਦੋਜ਼ਖੀ, ਬੋਲਾ ਬਹਿਸ਼ਤੀ——ਅੰਨਾ ਦੋਜ਼ਖ਼ ਇਸ ਕਰਕੇ ਗਿਣਿਆ ਜਾਂਦਾ ਹੈ ਕਿ ਉਸ ਨੂੰ ਇਹ ਪਤਾ ਨਹੀਂ ਚੱਲਦਾ ਕਿ ਉਸ ਦੇ ਸਾਥੀ ਕੀ ਖਾ ਰਹੇ ਹਨ ਤੇ ਬੋਲ਼ੇ ਨੂੰ ਬਹਿਸ਼ਤੀ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਦਾ।

ਅੰਨ੍ਹਾ ਮਾਰੇ ਅੰਨ੍ਹੀਂ ਨੂੰ, ਘਸੁੰਨ ਵਜੇ ਥੰਮੀ ਨੂੰ——ਜਦੋਂ ਕੋਈ ਬੰਦਾ ਆਪਣੀ ਸਮਰੱਥਾ ਤੋਂ ਬਾਹਰਾ ਕੰਮ ਕਰਦਾ ਹੈ, ਉਦੋਂ ਇਹ ਅਖਾਣ ਵਰਤਦੇ ਹਨ।

ਅੰਨ੍ਹਾ ਵੱਟੇ ਰੱਸੀ ਪਿੱਛੋਂ ਵੱਛਾ ਖਾਏ——ਜਦੋਂ ਕਿਸੇ ਦੀ ਕਮਾਈ ਅਤੇ ਮਿਹਨਤ ਤੇ ਕੋਈ ਹੋਰ ਜਣਾ ਹੱਥ ਫੇਰ ਜਾਵੇ ਤੇ ਉਸ ਦੇ ਪੱਲੇ ਕੁਝ ਨਾ ਪਵੇ, ਉਦੋਂ ਕਹਿੰਦੇ ਹਨ।

ਅੰਨ੍ਹਾ ਵੰਡੇ ਸ਼ੀਰਨੀਆਂ ਮੁੜ ਘਿੜ ਆਪਣਿਆਂ ਨੂੰ ਦੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਘੜੀ-ਮੁੜੀ ਆਪਣਿਆਂ ਰਿਸ਼ਤੇਦਾਰਾਂ ਤੇ ਸਨੇਹੀਆਂ ਨੂੰ ਲਾਭ ਪੁਚਾਵੇ।

ਅੰਨ੍ਹਿਆਂ ਵਿੱਚ ਕਾਣਾ ਰਾਜਾ——ਜਦੋਂ ਬਹੁਤੇ ਮੂਰਖ਼ਾਂ ਵਿੱਚ ਘੱਟ ਮੂਰਖ਼ ਉਹਨਾਂ ਦਾ ਮੁਖੀਆ ਬਣ ਜਾਵੇ, ਉਦੋਂ ਕਹਿੰਦੇ ਹਨ।

ਅੰਨੀ ਕੁੱਕੜੀ ਖ਼ਸ ਖ਼ਸ ਦਾ ਚੋਗਾ——ਭਾਵ ਇਹ ਹੈ ਕਿ ਕੋਈ ਬੰਦਾ ਅਜਿਹਾ ਕੰਮ ਕਰੇ ਜਿਹੜਾ ਉਹਦੀ ਸਮਰੱਥਾ ਤੋਂ ਬਾਹਰ ਹੋਵੇ। ਇਸੇ ਭਾਵ ਦਾ ਇਕ ਹੋਰ ਅਖਾਣ ਹੈ 'ਅੰਨ੍ਹਾ ਕੁੱਤਾ ਹਰਨਾਂ ਮਗਰ'।

ਅੰਨ੍ਹੀਂ ਕੁੱਤੀ ਜਲੇਬੀਆਂ ਦੀ ਰਾਖੀ——ਜਦੋਂ ਕਿਸੇ ਅਯੋਗ ਵਿਅਕਤੀ ਨੂੰ ਅਧਿਕਾਰਾਂ ਵਾਲਾ ਕੰਮ ਸੰਪ ਦਿੱਤਾ ਜਾਵੇ ਤਾਂ ਉਹ ਉਲਟਾ ਨੁਕਸਾਨ ਹੀ ਕਰਦਾ ਹੈ।

ਅੰਨ੍ਹੀਂ ਨੈਣ ਵੰਝ ਦਾ ਨਹੇਰਨਾ——ਅਣਜਾਣ ਕਾਰੀਗਰ ਦੇ ਸੰਦ ਵੀ ਐਵੇਂ ਕਿਵੇਂ ਦੇ ਹੁੰਦੇ ਹਨ।

ਅੰਨ੍ਹੀ ਪੀਹੇ ਤੇ ਕੁੱਤੀ ਚੱਟੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਸਰਕਾਰੀ ਕੰਮ ਕਾਜ ਵਿੱਚ ਬੇਨਿਯਮੀ ਹੋਵੇ, ਸਰਕਾਰ ਦੀ ਬਦ-ਇੰਤਜ਼ਾਮੀ ਕਾਰਨ ਆਮ ਜਨਤਾ ਦੁਖ ਭੋਗਦੀ ਹੋਵੇ।

ਅੰਨ੍ਹੀ ਪੁੱਛੇ ਕਾਣੀ ਤੋਂ ਨੀ ਸੂਤ ਵਟਾ ਲੈ ਤਾਣੀ ਤੋਂ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਚਲਾਕ ਬੰਦਾ ਭੋਲ਼ੇ-ਭਾਲ਼ੇ ਕਿਸੇ ਹੋਰ ਬੰਦੇ ਤੋਂ ਵਧੀਆ ਵਸਤੁ ਲੈ ਕੇ ਘਟੀਆ ਵਸਤੂ ਦੇ ਕੇ ਅਹਿਸਾਨ ਜਤਾਉਂਦਾ ਹੈ।

ਅੰਨ੍ਹੀਂ ਮਾਂ ਪੁੱਤਾਂ ਦਾ ਮੂੰਹ ਨਾ ਧੋਵੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕੋਈ ਵੀ ਮਾਂ ਆਪਣੇ ਭੈੜੇ ਪੁੱਤਾਂ ਦੇ ਔਗੁਣਾਂ ਨੂੰ ਚਿਤਾਰਦੀ ਨਹੀਂ।

ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ——ਕਿਸੇ ਬੇਦਰਦ ਤੇ ਪੱਥਰ ਦਿਲ ਅੱਗੇ ਫ਼ਰਿਆਦ ਕਰਨੀ ਜਾਂ ਆਪਣੇ ਦੁਖ ਰੋਣੇ ਫ਼ਜ਼ੂਲ ਹਨ।

ਲੋਕ ਸਿਆਣਪਾਂ/22