ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਨ੍ਹੇ ਤਾਂ ਹੋ ਗਏ ਆ, ਪਰ ਸੌਣ ਦੀਆਂ ਮੌਜਾਂ ਨੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਮੂਰਖ਼ ਬੰਦਾ ਢੀਠਤਾਈ ਨਾਲ਼ ਆਪਣੇ ਸਿਰ ਪਏ ਦੁਖ ਨੂੰ ਸੁਖ ਦੇ ਰੂਪ ਵਿੱਚ ਪ੍ਰਗਟ ਕਰੇ।

ਅੰਨ੍ਹੇ ਦਾ ਜੱਫਾ, ਰੋਹੀ ਖੜੱਪਾ——ਅਖਾਣ ਦਾ ਭਾਵ ਸਪੱਸ਼ਟ ਹੈ ਕਿ ਇਹਨਾਂ ਦੋਹਾਂ ਤੋਂ ਨਜ਼ਾਤ ਪਾਉਣੀ ਮੁਸ਼ਕਿਲ ਹੈ। ਜਦੋਂ ਕਿਸੇ ਮੂਰਖ਼ ਨਾਲ਼ ਵਾਹ ਪੈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਅੰਨ੍ਹੇ ਦੀ ਜੋਰੂ, ਰੱਬ ਰਖਵਾਲਾ——ਕਿਸੇ ਅਜਿਹੇ ਬੰਦੇ ਨੂੰ ਅਜਿਹੀ ਚੀਜ਼ ਮਿਲ ਜਾਵੇ ਜਿਸ ਨੂੰ ਉਹ ਸੰਭਾਲ ਨਾ ਸਕੇ, ਉਦੋਂ ਇਹ ਅਖਾਣ ਬੋਲਦੇ ਹਨ।

ਅੰਨ੍ਹੇ ਦੀ ਰੀਝ ਗੁਲੇਲ 'ਤੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਖ ਅਜਿਹੀ ਵਸਤੂ ਦੀ ਮੰਗ ਕਰੇ ਜਿਸ ਨੂੰ ਉਹ ਵਰਤ ਨਾ ਸਕੇ।

ਅੰਨ੍ਹੇ ਦੇ ਭਾਣੇ ਸਦਾ ਈ ਰਾਤ ਹੈ——ਜਿਸ ਨੇ ਕਦੇ ਕੋਈ ਵਸਤੂ ਦੇਖੀ ਨਾ ਹੋਵੇ ਉਸ ਦੇ ਅਨੁਮਾਨ ਤੇ ਅੰਦਾਜ਼ੇ ਸਦਾ ਗ਼ਲਤ ਹੁੰਦੇ ਹਨ।  ਅੰਨ੍ਹੇ ਨੂੰ ਅੰਨ੍ਹਾ ਕਿਵੇਂ ਰਾਹ ਦੱਸੇ——ਭਾਵ ਇਹ ਹੈ ਕਿ ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਵਾਈ ਕਰ ਸਕਦਾ ਹੈ।

ਆਥਣ ਦਾ ਚਿਲਕੋਰਿਆ, ਅਣਹੋਂਦਾ ਬੱਦਲ ਘੋਰਿਆ——ਇਹ ਅਖਾਣ ਮੀਂਹ ਬਾਰੇ ਹੈ ਜੇਕਰ ਆਥਣ ਵੇਲੇ ਛਿਪ ਰਿਹਾ ਸੂਰਜ ਲਿਸ਼ਕ ਮਾਰੇ ਤਾਂ ਕੋਈ ਨਾ ਕੋਈ ਬੱਦਲ ਅਸਮਾਨ ਵਿੱਚ ਆ ਪ੍ਰਗਟ ਹੁੰਦਾ ਹੈ ਤੇ ਮੀਂਹ ਪੈ ਜਾਂਦਾ ਹੈ।

ਆਪਣਾ ਆਪਣਾ, ਪਰਾਇਆ ਪਰਾਇਆ——ਇਸ ਅਖਾਣ ਦਾ ਭਾਵ ਇਹ ਹੈ ਕਿ ਪਰਾਏ ਪੁਰਸ਼ ਨੂੰ ਜਿੰਨਾ ਮਰਜ਼ੀ ਮੋਹ ਕਰ ਲਵੋ ਉਹ ਆਪਣੇ ਦੀ ਥਾਂ ਪ੍ਰਾਪਤ ਨਹੀਂ ਕਰ ਸਕਦਾ, ਕਹਿੰਦੇ ਹਨ ਜੋ ਆਪਣਾ ਮਾਰੂ ਛਾਂ 'ਚ ਸੁੱਟੂ। ਆਪਣਾ ਆਪਣਾ ਹੀ ਹੁੰਦਾ ਹੈ।

ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ——ਭਾਵ ਇਹ ਹੈ ਜੇਕਰ ਤੁਹਾਡਾ ਆਪਣਾ ਹੀ ਗੁਜ਼ਾਰਾ ਠੀਕ ਤਰ੍ਹਾਂ ਨਹੀਂ ਚੱਲਦਾ ਤੁਸੀਂ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹੋ।

ਆਪਣਾ ਕੰਮ ਕੀਤਾ, ਖਸਮਾਂ ਨੂੰ ਖਾਵੇ ਜੀਤਾ——ਇਹ ਅਖਾਣ ਉਸ ਅਕ੍ਰਿਤਘਣ ਬੰਦੇ ਲਈ ਵਰਤਦੇ ਹਨ ਜੋ ਅਹਿਸਾਨ ਕਰਨ ਵਾਲ਼ੇ ਨੂੰ ਵਿਸਾਰ ਦਿੰਦਾ ਹੈ।

ਆਪਣਾ ਗੁੜ ਵੀ ਸ਼ਰੀਕਾਂ ਤੋਂ ਚੋਰੀ ਖਾਈਦਾ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਸ਼ਰੀਕ ਤਾਂ ਮਿੱਟੀ ਦੇ ਵੀ ਬੁਰੇ ਹੁੰਦੇ ਹਨ ਉਹ ਦੂਜੇ ਦੀ ਉੱਨਤੀ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਦੀ ਮੰਦਭਾਵਨਾ ਕਰਕੇ ਆਪਣੀ ਖੁਸ਼ੀ ਵੀ ਉਹਨਾਂ ਤੋਂ ਚੋਰੀ ਮਾਣਨੀ ਉਚਿਤ ਹੈ।

ਆਪਣਾ ਘਰ ਸੰਭਾਲੀਏ, ਚੋਰ ਕਿਸੇ ਨਾ ਆਖੀਏ——ਭਾਵ ਇਹ ਹੈ ਕਿ ਸਾਨੂੰ ਆਪਣੀ ਵਸਤ ਦਾ ਆਪ ਖ਼ਿਆਲ ਰੱਖਣਾ ਚਾਹੀਦਾ ਹੈ, ਫੇਰ ਚੋਰਾਂ ਦਾ ਕੀ ਡਰ।

ਲੋਕ ਸਿਆਣਪਾਂ/23