ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪਣਾ ਘਰ ਜੋ ਚਾਹੇ ਸੋ ਕਰ——ਭਾਵ ਇਹ ਹੈ ਕਿ ਆਪਣੀ ਚੀਜ਼ ਤੇ ਹਰ ਇਕ ਨੂੰ ਮਾਣ ਹੁੰਦਾ ਹੈ, ਜਿਵੇਂ ਮਰਜ਼ੀ ਵਰਤੇ।

ਆਪਣਾ ਘਰ ਭਾਵੇਂ ਹਗ ਹਗ ਭਰ, ਪਰਾਇਆ ਘਰ ਉੱਥੇ ਬੁੱਕਣ ਦਾ ਵੀ ਡਰ——ਇਸ ਅਖਾਣ ਦਾ ਭਾਵ ਇਹ ਹੈ ਕਿ ਪਰਾਈ ਵਸਤੂ 'ਤੇ ਸਾਡਾ ਕੋਈ ਅਧਿਕਾਰ ਨਹੀਂ ਹੁੰਦਾ, ਆਪਣੀ ਵਸਤੂ ਨੂੰ ਆਪਣੀ ਮੌਜ ਨਾਲ਼ ਵਰਤ ਸਕਦੇ ਹਾਂ।

ਆਪਣਾ ਠੋਸਾ, ਆਪ ਭਰੋਸਾ——ਜਦੋਂ ਕੋਈ ਚੀਜ਼ ਘਰ ਪਈ ਹੋਵੇ ਤਾਂ ਬੰਦਾ ਉਸ 'ਤੇ ਭਰੋਸਾ ਕਰਕੇ ਵਰਤ ਸਕਦਾ ਹੈ ਪਈ ਵਸਤੂ ਦਾ ਕੀ ਐ, ਮਿਲ਼ੇ ਮਿਲ਼ੇ ਜਾਂ ਨਾ ਮਿਲ਼ੇ।

ਆਪਣਾ ਨੀਗਰ ਪਰਾਇਆ ਢੀਂਗਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਆਪਣੀ ਮਾੜੀ ਚੀਜ਼ ਦੇ ਮੁਕਾਬਲੇ 'ਤੇ ਦਜੇ ਦੀ ਚੰਗੀ ਚੀਜ਼ ਦੀ ਨਿੰਦਿਆ ਕਰੇ। ਹਰ ਕਿਸੇ ਨੂੰ ਆਪਣੀ ਚੀਜ਼ ਚੰਗੀ ਲੱਗਦੀ ਹੈ।

ਆਪਣਾ ਮਕਾਨ ਕੋਟ ਸਮਾਨ——ਹਰ ਕਿਸੇ ਨੂੰ ਆਪਣਾ ਮਕਾਨ ਦੂਜਿਆਂ ਦੇ ਮਹਿਲਾਂ ਵਰਗੇ ਮਕਾਨਾਂ ਨਾਲੋਂ ਚੰਗਾ ਲੱਗਦਾ ਹੈ।

ਆਪਣਾ ਮਾਰੇਗਾ, ਛਾਵੇਂ ਸੁੱਟੇਗਾ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣਾ ਆਪਣਾ ਹੀ ਹੁੰਦਾ ਹੈ ਜੋ ਸਾਡੇ ਲਹੂ ਦੀ ਸਾਂਝ ਵਾਲਾ ਵੈਰੀ ਕੋਈ ਵੈਰੀ ਕਮਾਏਗਾ ਤਾਂ ਵੀ ਲਹੂ ਦੀ ਸਾਂਝ ਦਾ ਖ਼ਿਆਲ ਰੱਖੇਗਾ।

ਆਪਣਾ ਰੱਖ ਪਰਾਇਆ ਚੱਖ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਕਮੀਨਾ ਜਾਂ ਲਾਲਚੀ ਪੁਰਸ਼ ਦੂਜਿਆਂ ਦੇ ਮਾਲ 'ਤੇ ਅੱਖ ਰੱਖੇ ਤੇ ਦੂਜਿਆਂ ਦੇ ਸਿਰਾਂ 'ਤੇ ਹੀ ਐਸ਼ ਉਡਾਵੇ ਪ੍ਰੰਤੂ ਆਪਣੇ ਪੱਲਿਓਂ ਪੈਸਾ ਧੇਲਾ ਨਾ ਖ਼ਰਚੇ।

ਆਪਣਾ ਰੱਖੇ, ਪਰਾਇਆ ਤੱਕੇ, ਉਸ ਨੂੰ ਮਿਲਣ ਦਰਗਾਹ ਤੋਂ ਧੱਕੇ——ਇਸ ਅਖਾਣ ਵਿੱਚ ਉਸ ਆਦਮੀ ਨੂੰ ਫ਼ਿਟਕਾਰਿਆ ਗਿਆ ਹੈ ਜੋ ਦੂਜੇ ਦੇ ਮਾਲ 'ਤੇ ਅੱਖ ਰੱਖਦਾ ਹੈ।

ਆਪਣਾ ਲਹਣਾ ਲੈ ਲਈਏ, ਅਗਲੇ ਦਾ ਰੱਖੀਏ ਦੱਬ——ਭਾਵ ਇਹ ਹੈ ਕਿ ਆਪਣਾ ਹੱਕ ਛੱਡਣਾ ਨਹੀਂ, ਦੂਜੇ ਦਾ ਦੇਣ ਦੇਣਾ ਨਹੀਂ। ਇਹ ਅਖਾਣ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੇ ਹੱਕਾਂ ਲਈ ਤਾਂ ਲੜਦੇ ਹਨ ਪ੍ਰੰਤੂ ਦੂਜਿਆਂ ਨੂੰ ਹੱਕ ਦੇਣੋਂ ਸੰਕੋਚ ਕਰਦੇ ਹਨ।

ਆਪਣਾ ਲਹੂ ਪੰਘਰਨੋਂ ਨਹੀਂ ਰਹਿੰਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਚਾਹੇ ਕਿਹੋ ਜਿਹੇ ਵੀ ਹਾਲਾਤ ਹੋਣ ਸਾਕ ਸਬੰਧੀ ਸਦਾ ਹਮਦਰਦੀ ਕਰਦੇ ਹਨ।

ਆਪਣਿਆਂ ਦੇ ਮੈਂ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਆਪਣਿਆਂ ਦੀ ਉੱਕਾ ਹੀ ਪ੍ਰਵਾਹ ਨਾ ਕਰੇ ਪ੍ਰੰਤੂ ਬਿਗਾਨਿਆਂ ਦੀ ਆਓ ਭਗਤ ਕਰਦਾ ਰਹੇ।

ਲੋਕ ਸਿਆਣਪਾਂ/24