ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੀ ਰਾਤ ਭੰਨੀ, ਜੰਮ ਪਈ ਅੰਨ੍ਹੀ——ਜਦੋਂ ਬਹੁਤ ਸਾਰੀ ਮਿਹਨਤ ਕਰਨ ਪਿੱਛੋਂ ਵੀ ਸਫ਼ਲਤਾ ਪ੍ਰਾਪਤ ਨਾ ਹੋਵੇ, ਉਦੋਂ ਇੰਜ ਆਖਦੇ ਹਨ।

ਸਾਰੀ ਰਾਤ ਰੋਂਦੀ ਰਹੀ ਮੋਇਆ ਇਕ ਵੀ ਨਾ——ਜਦੋਂ ਕੋਈ ਬੰਦਾ ਬਿਨਾਂ ਕਾਰਨ ਹੀ ਹਾਲ ਦੁਹਾਈ ਮਚਾਈ ਜਾਵੇ ਤੇ ਨੁਕਸਾਨ ਉੱਕਾ ਹੀ ਨਾ ਹੋਇਆ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸਾਵਣ ਸੁੱਤੀ, ਸਦਾ ਵਿਗੁੱਤੀ——ਭਾਵ ਇਹ ਹੈ ਕਿ ਜਿਹੜਾ ਕਿਸਾਨ ਸਾਉਣ ਦੇ ਮਹੀਨੇ ਆਪਣੇ ਖੇਤਾਂ ਦੀਆਂ ਵੱਟਾਂ ਉੱਚੀਆਂ ਕਰਕੇ ਪਾਣੀ ਦੀ ਸੰਭਾਲ ਨਾ ਕਰੇ ਉਹ ਦੀ ਫ਼ਸਲ ਦਾ ਘੱਟ ਹੁੰਦੀ ਹੈ ਤੇ ਨੁਕਸਾਨ ਝੱਲਣਾ ਪੈਂਦਾ ਹੈ। ਸਮੇਂ ਸਿਰ ਕੰਮ ਕਰਨਾ ਤੇ ਸਮੇਂ ਦੀ ਸਹੀ ਵਰਤੋਂ ਕਰਨੀ ਲਾਭਦਾਇਕ ਹੁੰਦੀ ਹੈ।

ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਐਂ ਅਪਰਾਧੀਆ——ਇਹ ਅਖਾਣ ਉਹਨਾਂ ਭਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਸਾਉਣ ਦੇ ਮਹੀਨੇ ਘਰ-ਘਰ ਖੀਰਾਂ ਰਿਝਦੀਆਂ ਸਨ। ਇਸ ਮਹੀਨੇ ਖੀਰ ਖਾਣੀ ਚੰਗੀ ਸਮਝੀ ਜਾਂਦੀ ਹੈ।

ਸਾਵਣ ਦਾ ਸੌ, ਭਾਦਰੋਂ ਦਾ ਇਕ, ਜਿਹੜਾ ਲਾਹ ਦੇਵੇ ਸਿੱਕ——ਇਸ ਅਖਾਣ ਦਾ ਭਾਵ ਇਹ ਹੈ ਕਿ ਭਾਦਰੋਂ ਦੇ ਮਹੀਨੇ ਵਿੱਚ ਵਰ੍ਹਿਆ ਆ ਮੀਂਹ ਚੰਗੇਰਾ ਹੁੰਦਾ ਹੈ।

ਸਾਵਣ ਦੀ ਝੜੀ, ਕੋਠਾ ਛੱਡੇ ਨਾ ਕੜੀ——ਭਾਵ ਇਹ ਹੈ ਕਿ ਸਾਉਣ ਦੇ ਮਹੀਨੇ ਜੇ ਲਗਾਤਾਰ ਕਈ ਦਿਨ ਮੋਹਲੇਧਾਰ ਵਰਖਾ ਹੁੰਦੀ ਰਹੇ ਤਾਂ ਗ਼ਰੀਬ ਲੋਕਾਂ ਦੇ ਕੱਚੇ ਕੋਠੇ ਢਹਿ ਜਾਂਦੇ ਹਨ।

ਸਾਵਣ ਦੇ ਅੰਨ੍ਹੇ ਨੂੰ ਹਰਿਆਵਲ ਹੀ ਦਿਸਦੀ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਐਬੀ ਬੰਦੇ ਨੂੰ ਦੂਜੇ ਬੰਦਿਆਂ ਵਿੱਚ ਵੀ ਐਬ ਹੀ ਨਜ਼ਰ ਆਉਂਦੇ ਹਨ।

ਸਾਵਣ ਪੁੱਤਰ ਸਿਆਲੇ ਦਾ——ਭਾਵ ਸਪੱਸ਼ਟ ਹੈ, ਸਾਉਣ ਦੇ ਮਹੀਨੇ ਜੇ ਲਗਾਤਾਰ ਮੀਂਹ ਪੈਂਦੇ ਰਹਿਣ ਦਾ ਠੰਢ ਲੱਗਣ ਲੱਗ ਜਾਂਦੀ ਹੈ ਤੇ ਸਿਆਲ ਵਿੱਚ ਭਰਵੀਂ ਬਰਦੀ ਪੈਂਦੀ ਹੈ।

ਸਾਵਣ ਮਹੀਂ ਉਹਦੀਆਂ ਜਿਹੜਾ ਹਾੜੀਂ ਕਢੇ——ਭਾਵ ਇਹ ਹੈ ਜਿਹੜਾ ਕਿਸਾਨ ਜੇਠ-ਹਾੜ ਦੇ ਮਹੀਨੇ ਆਪਣੀਆਂ ਮੱਝਾਂ ਦੀ ਸਹੀ ਸੰਭਾਲ ਕਰਦਾ ਹੈ ਉਹਦੀਆਂ ਮੱਝਾਂ ਸਾਉਣ ਦੇ ਮਹੀਨੇ ਵਿੱਚ ਚੰਗਾ ਦੁੱਧ ਦਿੰਦੀਆਂ ਹਨ।

ਸਾਵਣ ਮਾਹੇ ਦਾ ਪੁਰਾ ਉਹ ਵੀ ਬੁਰਾ, ਬੁੱਢੀ ਮੱਝ ਤੇ ਖੁੰਢਾ ਛੁਰਾ ਉਹ ਵੀ ਬੁਰਾ——ਭਾਵ ਅਰਥ ਇਹ ਹੈ ਕਿ ਸਾਉਣ ਦੇ ਮਹੀਨੇ ਜੇ ਪੁਰਾ ਵਗ ਪਵੇ ਤਾਂ ਉਹ ਬੱਦਲਾਂ ਨੂੰ ਉਡਾ ਕੇ ਲੈ ਜਾਂਦਾ ਹੈ ਜਿਸ ਕਰਕੇ ਮੀਂਹ ਨਹੀਂ ਪੈਂਦਾ, ਇਸੇ ਕਰਕੇ ਇਸ ਨੂੰ ਬੁਰਾ ਸ਼ਗਨ ਮੰਨਦੇ ਹਨ। ਇਸੇ ਪ੍ਰਕਾਰ ਬੁੱਢੀ ਮੱਝ ਤੇ ਖੁੰਢੀ ਛੁਰੀ ਵੀ ਕਿਸੇ ਕੰਮ ਨਹੀਂ ਆਉਂਦੀ।

ਲੋਕ ਸਿਆਣਪਾਂ/45