ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਹੈ ਕਿ ਥੋੜ੍ਹ——ਦਿਲਾ ਬੰਦਾ ਜੇਕਰ ਕਿਸੇ 'ਤੇ ਮਾੜਾ ਮੋਟਾ ਅਹਿਸਾਨ ਕਰ ਦੇਵੇ ਤਾਂ ਉਹ ਇਸ ਅਹਿਸਾਨ ਨੂੰ ਹਰ ਵਾਰ ਚਿਤਾਰਦਾ ਰਹਿੰਦਾ ਹੈ।

ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ਼ਰਿਆ——ਜੇਕਰ ਕਿਸੇ ਥੋੜ੍ਹ-ਚਿੱਤੇ ਬੰਦੇ ਨੂੰ ਉਸ ਦੇ ਵਿਤ ਤੋਂ ਉਚੇਰੀ ਚੀਜ਼ ਪ੍ਰਾਪਤ ਹੋ ਜਾਵੇ ਤਾਂ ਉਹ ਉਸ ਦੀ ਦੁਰਵਰਤੋਂ ਕਰਕੇ ਆਪਣੇ ਆਪ ਦਾ ਮਖ਼ੌਲ ਉਡਾਉਂਦਾ ਹੈ ਤੇ ਨੁਕਸਾਨ ਝਲਦਾ ਹੈ।

ਹੋਛੇ ਦੀ ਯਾਰੀ, ਸਦਾ ਖਵਾਰੀ——ਭਾਵ ਸਪੱਸ਼ਟ ਹੈ ਕਿ ਹੋਛੇ ਤੇ ਥੋੜ੍ਹੇ ਵਿੱਤ ਵਾਲ਼ੇ ਬੰਦੇ ਨਾਲ਼ ਸਾਂਝ ਭਿਆਲੀ ਪਾਉਣ ਨਾਲ਼ ਬਦਨਾਮੀ ਅਤੇ ਖ਼ੁਨਾਮੀ ਝਲਣੀ ਪੈਂਦੀ ਹੈ।

ਹੋਰੀ ਤੇ ਹੋਰੀ ਦੀ, ਬੁੱਢੀ ਨੂੰ ਡੰਗੋਰੀ ਦੀ——ਜਦੋਂ ਇਹ ਦੱਸਣਾ ਹੋਵੇ ਕਿ ਹਰ ਕਿਸੇ ਨੂੰ ਆਪਣੀ-ਆਪਣੀ ਵਸਤੂ ਦੀ ਚਿੰਦਾ ਹੁੰਦੀ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਹੌਲੇ ਭਾਰ ਤੇ ਸਾਥ ਦੇ ਮੋਹਰੀ——ਭਾਵ ਇਹ ਹੈ ਕਿ ਜਿਸ ਬੰਦੇ ਕੋਲ਼ ਸੌਖਾ ਕੰਮ ਹੋਵੇ ਉਹ ਛੇਤੀ ਵਿਹਲਾ ਹੋ ਜਾਂਦਾ ਹੈ।

ਕਹਿਣਾ ਜੀ ਤੇ ਲੈਣਾ ਕੀ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਅਵੈੜੇ ਸੁਭਾਅ ਵਾਲੇ ਬੰਦੇ ਨਾਲ਼ ਵਰਤ-ਵਰਤਾ ਕਰਨ ਲੱਗਿਆਂ ਜੀ-ਜੀ ਕਰਕੇ ਸਮਾਂ ਬਿਤਾਉਣਾ ਚੰਗਾ ਹੁੰਦਾ ਹੈ।

ਕਹਿਤ ਕਮਲੇ ਸੁਣਤ ਬਾਵਰੇ——ਜਦੋਂ ਕੋਈ ਮੂਰਖ਼ ਬੰਦਾ ਕਿਸੇ ਪਾਸੋਂ ਬੇਸਿਰ ਪੈਰ ਗੁੱਲਾਂ ਸੁਣ ਕੇ ਉਹਨਾਂ ਨੂੰ ਸੱਚੀਆਂ ਜਾਣ ਕੇ ਉਹੀ ਗੱਲਾਂ ਦੂਜਿਆਂ ਨੂੰ ਦੱਸਦਾ ਫਿਰੇ ਉਦੋਂ ਇਹ ਅਖਾਣ ਬੋਲਦੇ ਹਨ।

ਕਹੇ ਤੇ ਘੁਮਾਰੀ ਗਧੇ ਤੇ ਨਹੀਂ ਚੜ੍ਹਦੀ——ਜਦੋਂ ਕੋਈ ਬੰਦਾ ਜਿਹੜਾ ਕੰਮ ਨਿਤਨੇਮ ਨਾਲ਼ ਕਰਦਾ ਹੋਵੇ ਪ੍ਰੰਤੂ ਜਦੋਂ ਉਸੇ ਕੰਮ ਨੂੰ ਕਰਨ ਲਈ ਦੂਜਾ ਬੰਦਾ ਕਹੇ ਤਾਂ ਇਨਕਾਰ ਕਰ ਦੇਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਕੱਕਾ, ਕੈਰਾ, ਨਹੁੰ ਭਰਾ, ਛਾਤੀ ਤੇ ਨਾ ਵਾਲ, ਚਾਰੇ ਖੋਟੇ ਜੇ ਮਿਲਣ, ਦੂਰੋਂ ਗੰਢ ਸੰਭਾਲ——ਉਪਰ ਦੱਸੀਆਂ ਚੌਹਾਂ ਨਿਸ਼ਾਨੀਆਂ ਵਾਲ਼ੇ ਬੰਦੇ ਅਕਸਰ ਠੱਗ ਅਤੇ ਧੋਖੇਬਾਜ਼ ਹੁੰਦੇ ਹਨ, ਇਸ ਲਈ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਕੱਖ ਹੱਲਿਆ ਤੇ ਚੋਰ ਚੱਲਿਆ——ਭਾਵ ਇਹ ਹੈ ਕਿ ਲੁਕ ਛਿਪ ਕੇ ਮਾੜਾ ਕੰਮ ਕਰਨ ਵਾਲ਼ੇ ਬੰਦੇ ਜਰੀ ਭਰ ਖੜਕਾ ਸੁਣਕੇ ਦੌੜ ਜਾਂਦੇ ਹਨ।

ਕੱਖ ਨਾਲ਼ ਵੀ ਰੱਖ——ਭਾਵ ਸਪੱਸ਼ਟ ਹੈ ਕਿ ਕਮਜ਼ੋਰ ਬੰਦਾ ਵੀ ਤੁਹਾਡੀ ਮਦਦ ਕਰ ਸਕਦਾ ਹੈ, ਕਿਸੇ ਨਾਲ਼ ਵੀ ਵਿਗਾੜਨੀ ਨਹੀਂ ਚਾਹੀਦੀ, ਸਭ ਨਾਲ਼ ਮੇਲ ਮਿਲਾਪ ਰੱਖੋ।

ਲੋਕ ਸਿਆਣਪਾਂ/55