ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੱਖਾਂ ਦੀ ਕੁੱਲੀ, ਪਰਨਾਲਾ ਦੰਦ ਖੰਡ ਦਾ——ਕਿਸੇ ਘਟੀਆ ਵਸਤੂ ਨਾਲ਼ ਵਧੀਆ ਵਸਤੂ ਦੇ ਮੇਲ ਨੂੰ ਅਣਢੁੱਕਵਾਂ ਦੱਸਣ ਲਈ ਇਹ ਅਖਾਣ ਵਰਤਦੇ ਹਨ।

ਕੱਖਾਂ ਦੀ ਬੇੜੀ, ਬਾਂਦਰ ਮਲਾਹ——ਜਦੋਂ ਕਿਸੇ ਨਾਜ਼ੁਕ ਅਤੇ ਜ਼ਿੰਮੇਵਾਰੀ ਵਾਲ਼ੇ ਕੰਮ ਤੇ ਕਿਸੇ ਅਣਜਾਣ ਅਤੇ ਗ਼ੈਰ ਜ਼ਿੰਮੇਵਾਰ ਬੰਦੇ ਨੂੰ ਲਾ ਦਿੱਤਾ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕਚ-ਘਰੜ ਹਕੀਮ, ਜਾਨ ਦਾ ਖੌ——ਅਣਜਾਣ ਹਕੀਮ ਪਾਸੋਂ ਦਵਾਈ ਲੈ ਕੇ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਕਿਸੇ ਅਣਜਾਣ ਅਤੇ ਅਣਸਿਖੇ ਕਾਰੀਗਰ ਪਾਸੋਂ ਕੋਈ ਕੰਮ ਕਰਵਾਉਣ ਤੋਂ ਰੋਕਣ ਲਈ ਵੀ ਇਹ ਅਖਾਣ ਵਰਤਦੇ ਹਨ।

ਕੱਚੇ ਦਾ ਕੱਚ, ਨਾ ਹੁੰਦਾ ਸੱਚ——ਭਾਵ ਇਹ ਹੈ ਕਿ ਝੂਠੇ ਅਤੇ ਲਾਰੇ ਲਾਉਣ ਵਾਲ਼ੇ ਬੰਦੇ ਦਾ ਪਾਜ ਉਘੜ ਹੀ ਜਾਂਦਾ ਹੈ। ਮੂਰਖ਼ ਦੀ ਮੂਰਖ਼ਤਾ ਕਦੀ ਨਾ ਕਦੀ ਪ੍ਰਤੱਖ ਹੋ ਜਾਂਦੀ ਹੈ।

ਕੱਛੇ ਸੋਟਾ ਨਾਂ ਗ਼ਰੀਬ ਦਾਸ——ਜਦੋਂ ਕਿਸੇ ਬੰਦੇ ਦਾ ਬਾਹਰਲਾ ਰੂਪ ਚੰਗਾ ਦਿਸੇ ਪਰ ਅੰਦਰੋਂ ਉਹ ਮਾੜੀ ਕਰਤੂਤ ਦਾ ਮਾਲਕ ਹੋਵੇ, ਉਦੋਂ ਕਹਿੰਦੇ ਹਨ।

ਕੱਛੇ ਛੁਰੀ ਮੂੰਹੋਂ ਰਾਮ ਰਾਮ——ਇਸ ਅਖਾਣ ਦਾ ਭਾਵ ਅਰਥ ਉਪਰੋਕਤ ਅਖਾਣ ਨਾਲ਼ ਮੇਲ ਖਾਂਦਾ ਹੈ।

ਕੱਛੇ ਤੋਸਾ ਤੇ ਕਿਦਾ ਭਰੋਸਾ——ਜਦੋਂ ਇਹ ਦੱਸਣਾ ਹੋਵੇ ਕਿ ਜਿਸ ਦੇ ਘਰ ਖਾਣ ਨੂੰ ਚੰਗਾ ਚੋਖਾ ਹੋਵੇ ਉਹ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਉਦੋਂ ਇਹ ਅਖਾਣ ਬੋਲਦੇ ਹਨ।

ਕੱਜਲ ਦੀ ਕੋਠੀ ਹਮੇਸ਼ਾ ਖੋਟੀ——ਭਾਵ ਇਹ ਹੈ ਕਿ ਮਾੜੀ ਸੰਗਤ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ।

ਕੱਟੇ ਨੂੰ ਮਣਾਂ ਦਾ ਕੀ ਭਾਅ——ਭਾਵ ਇਹ ਹੈ ਕਿ ਜਦੋਂ ਕਿਸੇ ਨੂੰ ਖਾਣ ਨੂੰ ਚੰਗਾ ਚੋਖਾ ਮੁਫ਼ਤ ਮਿਲੇ ਉਸ ਨੂੰ ਚੀਜ਼ਾਂ ਦੇ ਮੁੱਲ ਦੇ ਸਸਤਾ ਮਹਿੰਗਾ ਹੋਣ ਨਾਲ਼ ਕੀ ਵਾਸਤਾ।

ਕੰਡੇ ਨਾਲ਼ ਹੀ ਕੰਡਾ ਨਿਕਲਦਾ ਹੈ——ਭਾਵ ਇਹ ਹੈ ਕਿ ਬੰਦਾ ਹੀ ਬੰਦੇ ਦਾ ਦਾਰੂ ਹੈ ਅਤੇ ਲੋਹਾ ਲੋਹੇ ਨੂੰ ਕਟਦਾ ਹੈ।

ਕਣਕ ਕਮਾਦੀ, ਛੱਲੀਆਂ ਹੋਰ ਜੋ ਖੇਤੀ ਕੁੱਲ, ਰੂੜੀ ਬਾਝ ਨਾ ਹੁੰਦੀਆਂ, ਤੂੰ ਨਾ ਜਾਈਂ ਭੁੱਲ——ਇਸ ਅਖਾਣ ਵਿੱਚ ਕਿਸਾਨ ਨੂੰ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕਰਨ ਲਈ ਰੂੜ੍ਹੀ ਅਥਵਾ ਖ਼ਾਦ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ।

ਕਣਕ ਘਟੇਂਦਿਆਂ ਗੁੜ ਘਟੇ, ਮੰਦੀ ਪਈ ਕਪਾਹ——ਇਹ ਵਪਾਰੀਆਂ ਦਾ ਤੱਤ ਹੈ ਕਿ ਜਦੋਂ ਕਣਕ ਸਸਤੀ ਹੋ ਜਾਵੇ ਤਾਂ ਦੂਜੀਆਂ ਜਿਣਸਾਂ ਦਾ ਭਾਅ ਵੀ ਆਪਣੇ ਆਪ ਘੱਟ ਜਾਂਦਾ ਹੈ।

ਲੋਕ ਸਿਆਣਪਾਂ/56