ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਣਕ ਨਾਲ਼ ਘੁਣ ਵੀ ਪੀਠਾ ਜਾਂਦਾ ਹੈ——ਜਦੋਂ ਕਦੇ ਦੋਸ਼ੀਆਂ ਦੀ ਸੰਗਤ ਕਰਕੇ ਭਲੇ ਮਾਣਸ ਵੀ ਦੁਖ ਭੋਗਦੇ ਹਨ, ਉਦੋਂ ਇਹ ਅਖਾਣ ਬੋਲਦੇ ਹਨ।

ਕਣਕ ਪੁਰਾਣੀ, ਘਿਉ ਨਵਾਂ, ਘਰ ਸਤਵੰਤੀ ਨਾਰ, ਘੋੜਾ ਹੋਵੇ ਚੜ੍ਹਨ ਨੂੰ, ਚਾਰੇ ਸੁਖ ਸੰਸਾਰ——ਸਿਆਣਿਆਂ ਦਾ ਤੱਤ ਹੈ ਕਿ ਜੇਕਰ ਸਾਨੂੰ ਖਾਣ ਨੂੰ ਪੁਰਾਣੀ ਕਣਕ ਤੇ ਤਾਜ਼ਾ ਘਿਉ ਮਿਲ ਜਾਵੇ, ਤੀਵੀਂ ਆਗਿਆਕਾਰ ਹੋਵੇ ਅਤੇ ਅਸਵਾਰੀ ਲਈ ਘੋੜਾ ਹੋਵੇ ਤਾਂ ਜੀਵਨ ਸਵਰਗ ਬਣ ਜਾਂਦਾ ਹੈ।

ਕਣਕ ਫਿੱਟੇ ਤਾਂ ਗੰਢੇਲ, ਆਦਮੀ ਢਿੱਟੇ ਤਾਂ ਜਾਂਞੀ——ਭਾਵ ਅਰਥ ਇਹ ਹੈ ਕਿ ਬਰਾਤ ਵਿੱਚ ਗਏ ਹੋਏ ਜਾਂਞੀ ਖ਼ਰਮਸਤੀਆਂ ਕਰਦੇ ਹੋਏ ਮੰਦੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ।

ਕਦ ਬਾਬਾ ਮਰੇ ਤੇ ਕਦ ਬੈਲ ਵੰਡੀਏ——ਜਦੋਂ ਕੋਈ ਖ਼ੁਦਗਰਜ਼ ਤੇ ਮੂਰਖ਼ ਬੰਦਾ ਆਪਣੇ ਲਾਭ ਲਈ ਆਪਣੇ ਬਜ਼ੁਰਗਾਂ ਦੀ ਮੌਤ ਛੇਤੀ ਆਉਣ ਲਈ ਚਿਤਵੇ, ਉਦੋਂ ਕਹਿੰਦੇ ਹਨ।

ਕਦੀ ਤੋਲਾ ਕਦੀ ਮਾਸਾ, ਉਸ ਦੀ ਗੱਲ ਦਾ ਕੀ ਭਰਵਾਸਾ——ਜਿਹੜਾ ਬੰਦਾ ਥਾਲੀ ਦੇ ਪਾਣੀ ਵਾਂਗ ਡੋਲਦਾ ਹੋਵੇ ਤੇ ਕੋਈ ਅੰਤਿਮ ਫ਼ੈਸਲਾ ਨਾ ਲੈ ਸਕਦਾ ਹੋਵੇ, ਉਸ ਪ੍ਰਤੀ ਇਹ ਅਖਾਣ ਵਰਤਿਆ ਜਾਂਦਾ ਹੈ।

ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ——ਜਦੋਂ ਇਕੋ ਜਿਹੀ ਤਾਕਤ ਵਾਲ਼ੀਆਂ ਦੋ ਧਿਰਾਂ ਦੀ ਆਪਸ ਵਿੱਚ ਟੱਕਰ ਹੋਵੇ ਤੇ ਮੌਕਾ ਮਿਲਣ 'ਤੇ ਇਕ-ਦੂਜੀ ਤੋਂ ਬਦਲਾ ਲੈ ਲੈਣ, ਉਦੋਂ ਇਹ ਅਖਾਣ ਬੋਲਦੇ ਹਨ।

ਕੰਧ ਉਹਲੇ ਕੰਧਾਰ ਉਹਲੇ——ਇਸ ਅਖਾਣ ਦਾ ਭਾਵ ਇਹ ਹੈ ਕਿ ਘਰੋਂ ਗਿਆ ਬੰਦਾ ਚਾਹੇ ਕਿੰਨਾ ਵੀ ਨੇੜੇ ਹੋਵੇ, ਦੂਰ ਜਾਪਦਾ ਹੈ। ਘਰੋਂ ਨਿਕਲਿਆ ਬੰਦਾ ਘਰ ਵਾਲ਼ਿਆਂ ਲਈ ਪ੍ਰਦੇਸੀ ਬਣ ਜਾਂਦਾ ਹੈ।

ਕੰਧ ਖਾਧੀ ਆਲ਼ਿਆਂ ਘਰ ਖਾਧਾ ਸਾਲ਼ਿਆਂ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਘਰ ਵਿੱਚ ਸਾਲ਼ੇ ਦਾ ਲੰਮਾ ਸਮਾਂ ਰਹਿਣਾ ਚੰਗਾ ਨਹੀਂ ਹੁੰਦਾ ਕਿਉਂਕਿ ਭੈਣ ਆਪਣੇ ਭਰਾ ਤੇ ਦਿਲ ਖੋਲ੍ਹ ਕੇ ਖ਼ਰਚ ਕਰਦੀ ਹੈ।

ਕੰਧਾਂ ਨੂੰ ਵੀ ਕੰਨ ਹੁੰਦੇ ਨੇ——ਭਾਵ ਇਹ ਕਿ ਕਿਸੇ ਨਾਲ਼ ਦਿਲ ਦੀ ਗੱਲ ਕਰਨ ਲੱਗਿਆਂ ਸੰਕੋਚ ਵਰਤਣਾ ਚਾਹੀਦਾ ਹੈ ਕਿਉਂਕਿ ਕਹੀ ਹੋਈ ਗੱਲ ਨੂੰ ਕੋਈ ਨਾ ਕੋਈ ਸੁਣ ਹੀ ਲੈਂਦਾ ਹੈ।

ਕੰਧੀ ਉੱਤੇ ਰੁਖੜਾ ਕਿਚਰ ਕੁ ਬੰਧੇ ਧੀਰ——ਇਹ ਅਖਾਣ ਬਿਰਧ ਅਵਸਥਾ ਦੀ ਸਥਿਤੀ ਬਾਰੇ ਵਰਤਿਆ ਜਾਂਦਾ ਹੈ। ਪਲ-ਪਲ ਘੱਟ ਰਹੀ ਆਯੂ (ਉਮਰ) ਨੇ ਆਖ਼ਰ ਖ਼ਤਮ ਹੋ ਹੀ ਜਾਣਾ ਹੈ।

ਕੰਨ ਕੱਪ ਤੇ ਬਿਗੜੀ ਲਾ——ਜਦੋਂ ਕਿਸੇ ਅਵੈੜੇ ਸੁਭਾਅ ਵਾਲ਼ੇ ਬੰਦੇ ਬਾਰੇ ਗੱਲ

ਲੋਕ ਸਿਆਣਪਾਂ/57