ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰਬਾ——ਜਦੋਂ ਕੋਈ ਧਨ ਜਾਂ ਸਰੀਰ ਵੱਲੋਂ ਮਾੜਾ ਬੰਦਾ ਕਿਸੇ ਨਰੋਏ ਤੇ ਅਮੀਰ ਬੰਦੇ ਦਾ ਟਾਕਰਾ ਕਰਨ ਲਈ ਦਮਗਜ਼ੇ ਮਾਰੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਕਿਸੇ ਦਾ ਹੱਥ ਚੱਲੇ ਕਿਸੇ ਦੀ ਜੀਭ——ਭਾਵ ਸਪੱਸ਼ਟ ਹੈ ਕਿ ਲੜਾਈ ਸਮੇਂ ਤਕੜਾ ਮਾਰ-ਕੁੱਟ ਕਰਦਾ ਹੈ ਤੇ ਮਾੜਾ ਬੰਦਾ ਗਾਲ੍ਹਾਂ ਕੱਢਦਾ ਹੈ।

ਕਿਸੇ ਦਾ ਟੱਬਰ ਵੱਡਾ ਕਿਸੇ ਦਾ ਬੱਬਰ ਵੱਡਾ——ਜਦੋਂ ਕੋਈ ਬੰਦਾ ਆਪਣੀ ਸੀਮਿਤ ਆਮਦਨ ਨਾਲ਼ ਆਪਣੇ ਟੱਬਰ ਦਾ ਗੁਜ਼ਾਰਾ ਕਰ ਲੈਂਦਾ ਹੈ ਪ੍ਰੰਤੂ ਉੱਨੀ ਹੀ ਆਮਦਨ ਨੂੰ ਦੂਜਾ ਬੰਦਾ ਇਕੱਲਾ ਹੀ ਖਾ-ਪੀ ਕੇ ਉਡਾ ਦਿੰਦਾ ਹੈ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਕਿਸੇ ਦੇ ਅੰਬ, ਕਿਸੇ ਦੀਆਂ ਅੰਬੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਸਬੱਬ ਨਾਲ ਇਕੋ ਕੰਮ ਕਰਨ ਬਦਲੇ ਇਕ ਨੂੰ ਵੱਧ ਲਾਭ ਹੋ ਜਾਂਦਾ ਹੈ ਤੇ ਦੂਜੇ ਨੂੰ ਘੱਟ, ਘੱਟ ਲਾਭ ਪ੍ਰਾਪਤ ਕਰਨ ਵਾਲ਼ਾ ਇੰਜ ਆਖ ਕੇ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ।

ਕਿਸਮਤ ਨਾਲ਼ ਵਲੱਲੀ ਝਗੜੇ——ਭਾਵ ਇਹ ਹੈ ਕਿ ਹਰ ਕੋਈ ਆਪਣੀ ਕਿਸਮਤ ਖਾਂਦਾ ਹੈ, ਮਾੜੀ ਕਿਸਮਤ ਨੂੰ ਕੋਸਣਾ ਚੰਗਾ ਨਹੀਂ।

ਕਿਤੋਂ ਦੀ ਲੀਰ ਕਿਤੋਂ ਦਾ ਪਰਾਂਦਾ, ਜੂੜਾ ਕੀ ਮੜ੍ਹ ਮੜੀਂਦਾ——ਜਦੋਂ ਕੋਈ ਇਧਰੋਂ-ਉਧਰੋਂ ਚੀਜ਼ਾਂ ਮੰਗ ਕੇ ਦਿਖਾਵਾ ਕਰੋ, ਉਸ ਦਿਖਾਵੇ ਨੂੰ ਦੇਖ ਕੇ ਇਹ ਅਖਾਣ ਬੋਲਦੇ ਹਨ।

ਕਿੱਥੇ ਰਾਜਾ ਭੋਜ ਕਿੱਥੇ ਕੰਗਲਾ ਤੇਲੀ——ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕਮਜ਼ੋਰ ਅਥਵਾ ਗ਼ਰੀਬ ਆਦਮੀ ਦਾ ਤਕੜੇ ਤੇ ਅਮੀਰ ਆਦਮੀ ਨਾਲ਼ ਕੋਈ ਮੁਕਾਬਲਾ ਨਹੀਂ, ਉਦੋਂ ਇਹ ਅਖਾਣ ਬੋਲਦੇ ਹਨ।

ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ——ਕਿਸੇ ਵਧੀਆ ਵਸਤੂ ਦੇ ਟਾਕਰੇ ਤੇ ਘਟੀਆ ਵਸਤੂ ਨੂੰ ਦਰਸਾਉਣ ਲਈ ਇੰਜ ਆਖਦੇ ਹਾਂ।

ਕੀੜੀ ਦੀ ਮੌਤ ਆਉਂਦੀ ਹੈ ਤਾਂ ਉਹਨੂੰ ਖੰਭ ਨਿਕਲ ਆਉਂਦੇ ਹਨ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਮਜ਼ੋਰ ਬੰਦਾ ਜਦੋਂ ਬਹੁਤੇ ਹੱਥ-ਪੈਰ ਮਾਰਨ ਲੱਗ ਜਾਂਦਾ ਹੈ ਤਾਂ ਉਸ ਨੂੰ ਅਸਫ਼ਲਤਾ ਹੀ ਪ੍ਰਾਪਤ ਹੁੰਦੀ ਹੈ।

ਕੀੜੀ ਦੇ ਘਰ ਨਰੈਣ ਆਏ——ਜਦੋਂ ਕਿਸੇ ਗ਼ਰੀਬ ਆਦਮੀ ਦੇ ਘਰ ਬਹੁਤ ਵੱਡਾ ਅਮੀਰ ਤੇ ਉੱਚ ਪਦਵੀ ਵਾਲ਼ਾ ਪੁਰਸ਼ ਆ ਜਾਵੇ, ਉਦੋਂ ਉਸ ਦੇ ਸਤਿਕਾਰ ਵਜੋਂ ਗ਼ਰੀਬ ਆਦਮੀ ਨਿਮਰਤਾ ਦਰਸਾਉਣ ਲਈ ਇਹ ਅਖਾਣ ਬੋਲਦਾ ਹੈ।

ਕੀੜੀ ਨੂੰ ਠੂਠਾ ਈ ਦਰਿਆ ਏ——ਭਾਵ ਇਹ ਹੈ ਕਿ ਗ਼ਰੀਬ ਆਦਮੀ ਲਈ ਥੋੜ੍ਹਾ ਜਿਹਾ ਨੁਕਸਾਨ ਝੱਲਣਾ ਵੀ ਔਖਾ ਹੈ। ਗ਼ਰੀਬ ਬੰਦੇ ਲਈ ਥੋੜ੍ਹਾ ਨੁਕਸਾਨ ਵੀ ਬਹੁਤਾ ਹੁੰਦਾ ਹੈ।

ਲੋਕ ਸਿਆਣਪਾਂ/62