ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੱਕੜ, ਕਾਂ, ਕਰਾੜ ਕਬੀਲਾ ਪਾਲ਼ਦਾ, ਜੱਟ, ਮਹਿਆਂ ਸੰਸਾਰ ਕਬੀਲਾ ਗਾਲ਼ਦਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੇ ਹੀ ਖ਼ਾਨਦਾਨ ਨੂੰ ਨੁਕਸਾਨ ਪਹੁੰਚਾਉਣ ਵਾਲ਼ੀਆਂ ਹਰਕਤਾਂ ਕਰਦਾ ਹੈ।

ਕੁੱਕੜ ਖੇਹ ਉਡਾਏ, ਆਪਣੇ ਝਾਟੇ ਪਾਏ——ਜਦੋਂ ਕੋਈ ਬੰਦਾ ਆਪਣੇ ਪਰਿਵਾਰ ਦੀ ਥਾਂ-ਥਾਂ ਬਦਖੋਈ ਕਰਦਾ ਫਿਰੇ, ਉਦੋਂ ਇਹ ਅਖਾਣ ਬੋਲਦੇ ਹਨ।

ਕੁੱਕੜ ਪੈਰ ਲਤਾੜਿਆ, ਅੱਜ ਮੈਂ ਵਲ ਨਹੀਂ——ਜਦੋਂ ਕੋਈ ਬੰਦਾ ਬਹੁਤ ਹੀ ਨਾਜ਼ੁਕ ਬਣ ਬੈਠੇ ਤੇ ਮਾੜੀ ਜਿਹੀ ਤਕਲੀਫ਼ ਨੂੰ ਵਧਾ-ਚੜ੍ਹਾ ਕੇ ਦੱਸੇ, ਉਦੋਂ ਇੰਜ ਆਖਦੇ ਹਨ।

ਕੁੱਛੜ ਕੁੜੀ ਸ਼ਹਿਰ ਢੰਢੋਰਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਆਪਣੇ ਘਰ ਪਈ ਵਸਤੂ ਨੂੰ ਬਾਹਰ ਲੱਭਦਾ ਫਿਰੇ।

ਕੁਝ ਸੋਨਾ ਖੋਟਾ ਕੁਝ ਸੁਨਿਆਰ ਖੋਟਾ——ਜਦੋਂ ਦੋ ਇੱਕੋ ਜਿਹੀਆਂ ਮਾੜੀਆਂ ਚੀਜ਼ਾਂ ਕਿਸੇ ਵਿਗਾੜ ਦਾ ਕਾਰਨ ਬਣਨ, ਉਦੋਂ ਆਖਦੇ ਹਨ।

ਕੁਝ ਗੁੜ ਢਿੱਲਾ, ਕੁਝ ਬਾਣੀਆਂ ਢਿੱਲਾ——ਜਦੋਂ ਦੋ ਘਟੀਆਂ ਚੀਜ਼ਾਂ ਰਲ ਮਿਲ਼ ਜਾਣ ਜਾਂ ਅਣਜਾਣ ਬੰਦਿਆਂ ਦੇ ਕੰਮ ਕਰਨ ਨਾਲ਼ ਕੰਮ ਦਾ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਕੁਝ ਦੁਧੋ, ਕੁਝ ਦਹੀਓਂ, ਕੁਝ ਤੁਧੋਂ ਕੁਝ ਮਹੀਓਂ——ਜਦੋਂ ਦੋ ਧਿਰਾਂ ਲੜਾਈ-ਝਗੜਾ ਕਰਨ ਮਗਰੋਂ ਆਪਸ ਵਿੱਚ ਸੁਲਾਹ ਸਫ਼ਾਈ ਕਰ ਲੈਣ ਤਾਂ ਇੰਜ ਬੈਠ ਕੇ ਆਪਣਾ-ਆਪਣਾ ਕਸੂਰ ਮੰਨਦੀਆਂ ਹਨ।

ਕੁੱਤਾ ਕੁੱਤੇ ਦਾ ਵੈਰੀ——ਭਾਵ ਸਪੱਸ਼ਟ ਹੈ ਕਿ ਇੱਕੋ ਕਿੱਤੇ ਦਾ ਕਾਰੀਗਰ ਦੂਜੇ ਕਾਰੀਗਰ ਦੇ ਕੰਮ ਵਿੱਚ ਸਦਾ ਨੁਕਸ ਕਢਦਾ ਰਹਿੰਦਾ ਹੈ। ਦੂਜੇ ਬੰਦੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ।

ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ——ਜਦੋਂ ਕਿਸੇ ਮਾੜੇ ਬੰਦੇ ਨੂੰ ਉੱਚ ਪਦਵੀ ਮਿਲ ਜਾਵੇ ਪ੍ਰੰਤੂ ਉਹ ਆਪਣੇ ਪੁਰਾਣੇ ਸੁਭਾਅ ਕਰਕੇ ਹੀਣਤਾ ਭਰੇ ਕੰਮ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੁੱਤਾ ਭੌਕਦਾ ਚੰਗਾ, ਬਾਣੀਆਂ ਬੋਲਦਾ ਚੰਗਾ——ਭਾਵ ਇਹ ਹੈ ਕਿ ਜੇ ਕੁੱਤਾ ਭੌਕਦਾ ਰਹੇ ਤਾਂ ਚੋਰੀ ਦਾ ਡਰ ਨਹੀਂ ਰਹਿੰਦਾ ਤੇ ਬਾਣੀਆਂ ਬੋਲਣ ਸਮੇਂ ਸਹੀ ਤੋਲ ਤੋਲਦਾ ਹੈ ਨਹੀਂ ਤਾਂ ਕਸਾਰਾ ਲਾ ਦੇਂਦਾ ਹੈ।

ਕੁੱਤਾ ਪੂਛ ਮਾਰ ਕੇ ਬਹਿੰਦਾ ਹੈ——ਜਦੋਂ ਕਿਸੇ ਨੂੰ ਆਪਣੀ ਰਹਿਣ-ਸਹਿਣ ਦੀ ਥਾਂ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰੇਰਨਾ ਦੇਣੀ ਹੋਵੇ ਤਾਂ ਇਹ ਅਖਾਣ ਬੋਲਦੇ ਹਨ।

ਕੁੱਤੇ ਦੀ ਹੱਡੀ ਵਾਲ਼ਾ ਸੁਆਦ——ਭਾਵ ਇਹ ਹੈ ਕਿ ਜਿਸ ਕੰਮ ਨੂੰ ਕਰਨ ਦਾ ਕੋਈ

ਲੋਕ ਸਿਆਣਪਾਂ/63