ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਭ ਨਹੀਂ ਉਸ ਨੂੰ ਕਰਨ ਦਾ ਭਾਵ ਕੁੱਤੇ ਦੇ ਹੱਡੀ ਚੂਸਣ ਵਾਂਗ ਹੈ। ਹੱਡੀ 'ਚੋਂ ਤਾਂ ਕੁਝ ਨਿਕਲਦਾ ਹੀ ਨਹੀਂ ਐਵੇਂ ਝੱਸ ਹੀ ਹੈ।

ਕੁੱਤੇ ਦੀ ਪੂਛ ਬਾਰਾਂ ਵਰ੍ਹੇ ਨਲਕੀ 'ਚ ਰਹੀ ਫੇਰ ਵੀ ਡਿੱਗੀ ਦੀ ਡਿੱਗੀ——ਭਾਵ ਇਹ ਹੈ ਕਿ ਮਾੜੀਆਂ ਆਦਤਾਂ ਜਾਂ ਖ਼ਸਲਤਾਂ ਸੈਆਂ ਯਤਨ ਕਰਨ 'ਤੇ ਵੀ ਨਹੀਂ ਬਦਲਦੀਆਂ।

ਕੁੱਤੇ ਦੀ ਮੌਤ ਆਉਂਦੀ ਏ ਤਾਂ ਮਸੀਤੀਂ ਮੂਤਦਾ ਹੈ——ਭਾਵ ਇਹ ਹੈ ਕਿ ਮਾੜੇ ਕੰਮ ਕਰਨ ਵਾਲ਼ਾ ਬੰਦਾ ਕਦੇ ਨਾ ਕਦੇ ਕਿਸੇ ਭਲਾ-ਮਾਣਸ ਜਾਂ ਤਕੜੇ ਬੰਦੇ ਨਾਲ਼ ਪੰਗਾ ਲੈ ਕੇ ਆਪਣੀ ਝਾੜ ਝੰਬ ਕਰਵਾ ਲੈਂਦਾ ਹੈ।

ਕੁੱਤੇ ਨੂੰ ਖੀਰ ਨਹੀਂ ਪਚਦੀ——ਭਾਵ ਇਹ ਹੈ ਕਿ ਜੇਕਰ ਹੋਛੇ ਬੰਦੇ ਨੂੰ ਧਨ-ਦੌਲਤ ਮਿਲ਼ ਜਾਵੇ ਤਾਂ ਉਹ ਉਸ ਨੂੰ ਪਚਾ ਨਹੀਂ ਸਕਦਾ, ਛੇਤੀ ਹੀ ਪੈਰੋਂ ਉਖੜ ਜਾਂਦਾ ਹੈ।

ਕੁੱਤੇ ਭੌਕਣ ਤਾਂ ਚੰਨ ਨੂੰ ਕੀ——ਜੇਕਰ ਕੋਈ ਨੀਚ ਆਦਮੀ ਵੱਡੇ ਬੰਦੇ ਦੀ ਨਿੰਦਿਆ ਚੁਗਲੀ ਕਰੇ ਤਾਂ ਵੱਡੇ ਬੰਦੇ ਦਾ ਕੁਝ ਨਹੀਂ ਵਿਗੜਦਾ।

ਕੁੱਤੇ ਭੌਂਕਦੇ ਰਹਿੰਦੇ ਨੇ ਹਾਥੀ ਲੰਘ ਜਾਂਦੇ ਨੇ——ਇਸ ਅਖਾਣ ਦਾ ਭਾਵ ਵੀ ਉਪਰੋਕਤ ਅਖਾਣ ਵਾਲ਼ਾ ਹੀ ਹੈ। ਬੁਰੇ ਆਦਮੀ ਚੰਗੇ ਬੰਦਿਆਂ ਦੀ ਨਿੰਦਾ ਚੁਗਲੀ ਕਰਦੇ ਹੀ ਰਹਿੰਦੇ ਹਨ ਪ੍ਰੰਤੂ ਉਹ ਚੰਗੇ ਬੰਦੇ ਬੁਰਿਆਂ ਦੀ ਪ੍ਰਵਾਹ ਨਹੀਂ ਕਰਦੇ।

ਕੁਦਰਤ ਤੇਰੀ ਕਾਦਰਾ, ਬੀਜੀ ਕਣਕ ਤੇ ਉੱਗ ਪਿਆ ਬਾਜਰਾ——ਜਦੋਂ ਮਿਹਨਤ ਕਰਨ ਮਗਰੋਂ ਸਫ਼ਲਤਾ ਪ੍ਰਾਪਤ ਨਾ ਹੋਵੇ ਤਾਂ ਆਸ ਤੋਂ ਉਲਟ ਸਿੱਟੇ ਨਿਕਲਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੁੱਬੇ ਨੂੰ ਲੱਤ ਕਾਰੀ ਆ ਗਈ——ਜਦੋਂ ਕਿਸੇ ਬੰਦੇ ਨਾਲ਼ ਕਮਾਏ ਵੈਰ ਜਾਂ ਕੀਤੀ ਬੁਰਾਈ ਕਾਰਨ ਉਸ ਨੂੰ ਲਾਭ ਪ੍ਰਾਪਤ ਹੋ ਜਾਵੇ, ਉਦੋਂ ਆਖਦੇ ਹਨ।

ਕੁੜਤਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦੈ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੇ ਪਰਿਵਾਰ ਦੇ ਜੀਆਂ ਦੀਆਂ ਬਾਹਰ ਜਾ ਕੇ ਗੱਲਾਂ ਕਰਨ ਨਾਲ਼ ਆਪਣੀ ਹੀ ਬਦਨਾਮੀ ਹੁੰਦੀ ਹੈ। |

ਕੁੜਮ ਕੁੜਮ ਰਲੇ ਤੇ ਵਚੋਲੇ ਰਹੇ ਖਲੇ——ਜਦੋਂ ਮਤਲਬ ਪੂਰਾ ਹੋਣ 'ਤੇ ਬੰਦਾ ਉਹਨਾਂ ਵਸੀਲਿਆਂ ਨੂੰ ਭੁੱਲ ਜਾਵੇ ਜਿਨ੍ਹਾਂ ਸਦਕਾ ਉਸ ਦਾ ਮਤਲਬ ਪੂਰਾ ਹੋਇਆ ਸੀ, ਉਦੋਂ ਆਖਦੇ ਹਨ।

ਕੜਮ ਵਿਗੁੱਤਾ ਚੰਗਾ, ਗੁਆਂਢ ਵਿਗੁੱਤਾ ਮੰਦਾ——ਇਸ ਅਖਾਣ ਵਿੱਚ ਗੁਆਂਢ ਨਾਲ ਸਾਂਝ ਬਣਾਈ ਰੱਖਣ ਦੀ ਵਡਿਆਈ ਦਰਸਾਈ ਗਈ ਹੈ ਅਤੇ ਗੁਆਂਢੀ ਨੂੰ ਕੁੜਮ ਨਾਲ਼ੋਂ ਉੱਪਰ ਰੱਖਿਆ ਗਿਆ ਹੈ।

ਕੁੜੀ ਜੰਮੀ ਤੇ ਹੱਡ ਛੁੱਟੇ——ਜਦੋਂ ਕੋਈ ਬੰਦਾ ਪੱਲਿਓਂ ਕਸਾਰਾ ਖਾ ਕੇ ਕਸੂਤੇ ਬੰਦੇ ਪਾਸੋਂ ਖਹਿੜਾ ਛੁਡਾ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਲੋਕ ਸਿਆਣਪਾਂ/64