ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੱਟਣ ਗਏ ਨਖੱਟੂ, ਘੋੜੇ ਵੇਚ ਲਿਆਏ ਟੱਟੂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਲਾਭ ਵਾਲ਼ਾ ਸੌਦਾ ਕਰਨ ਗਿਆ ਘਾਟੇ ਵਾਲ਼ਾ ਸੌਦਾ ਕਰ ਆਵੇ।

ਖੱਟਣ ਨਾ ਖਾਣ, ਭੈੜਾ ਜਜਮਾਨ——ਇਹ ਅਖਾਣ ਵਿਹਲੇ ਤੇ ਨਖੱਟੂ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ।

ਖੱਟਾ ਖਾਵੇ ਮਿੱਠੇ ਨੂੰ——ਭਾਵ ਇਹ ਹੈ ਕਿ ਮੰਦੇ ਬੋਲ ਬੋਲ ਕੇ ਅਸੀਂ ਆਪਣੇ ਪਹਿਲਾਂ ਬੋਲੇ ਮਿੱਠੇ ਬਚਨਾਂ ਦੇ ਅਸਰ ਨੂੰ ਵੀ ਗੁਆ ਬੈਠਦੇ ਹਾਂ।

ਖੱਟੂ ਆਵੇ ਡਰਦਾ, ਨਖੱਟੂ ਆਵੇ ਲੜਦਾ——ਜਦੋਂ ਕੋਈ ਵਿਹਲਾ ਬੰਦਾ ਘਰਦਿਆਂ ਤੇ ਅਜਾਈਂ ਰੋਹਬ ਪਾਵੇ, ਉਦੋਂ ਇੰਜ ਆਖਦੇ ਹਾਂ।

ਖੱਟੂ ਗਿਆ ਖੱਟਣ ਨੂੰ, ਨਖੱਟੂ ਗਿਆ ਪੱਟਣ ਨੂੰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਘਰੋਂ ਬਾਹਰ ਕਮਾਈ ਕਰਨ ਗਿਆ ਨਾਲਾਇਕ ਤੇ ਨਖੱਟੂ ਬੰਦਾ ਘਾਟਾ ਖਾ ਕੇ ਘਰ ਪਰਤ ਆਵੇ।

ਖੋਟੇ ਦਿਲ ਤੇ ਭਲਾ ਕਮਾਵੇ, ਉਹ ਅਹਿਸਾਨ ਵੀ ਬਿਰਥਾ ਜਾਵੇ——ਜਦੋਂ ਕੋਈ ਬੰਦਾ ਭਲਾ ਤੇ ਨੇਕ ਕੰਮ ਕਰਦਾ ਹੋਇਆ ਤੇ ਕਿਸੇ ਸਿਰ ਅਹਿਸਾਨ ਕਰਦਿਆਂ ਹੋਇਆਂ ਆਪਣਾ ਵਤੀਰ ਅਯੋਗ ਰੱਖੇ ਉਸ ਨੂੰ ਸਮਝਾਉਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਖੰਡ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੁੰਦਾ——ਭਾਵ ਇਹ ਹੈ ਕਿ ਫੋਕੀਆਂ ਗੱਲਾਂ ਨਾਲ਼ ਢਿੱਡ ਨਹੀਂ ਭਰਦਾ ਹੱਥੀਂ ਕੰਮ ਕਰਨਾ ਹੀ ਪੈਣਾ ਹੈ।

ਖੱਤਰੀ ਖੰਡ ਵੇਲ੍ਹਟਿਆ ਮਹੁਰਾ——ਜਦੋਂ ਕੋਈ ਦੁਕਾਨਦਾਰ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਆਪਣੇ ਗਾਹਕਾਂ ਨੂੰ ਠੱਗਦਾ ਹੈ, ਉਦੋਂ ਆਖਦੇ ਹਨ। ਪਿੰਡਾਂ ਵਿੱਚ ਆਮ ਤੌਰ 'ਤੇ ਖੱਤਰੀ ਹੀ ਦੁਕਾਨਦਾਰੀ ਕਰਦੇ ਹਨ।

ਖਤਰੀ ਦਾ ਫੋੜਾ ਤੇ ਸੁਦਾਗਰ ਦਾ ਘੋੜਾ ਹੱਥ ਫੇਰਿਆ ਮੋਟਾ ਹੁੰਦਾ ਹੈ——ਇਹ ਇਕ ਅਟੱਲ ਸੱਚਾਈ ਹੈ ਕਿ ਫੋੜੇ ਨੂੰ ਪਲੋਸਣ ਨਾਲ਼ ਉਹ ਵੱਧਦਾ ਹੈ ਤੇ ਘੋੜਾ ਪਲੋਸਿਆਂ ਤਕੜਾ ਹੁੰਦਾ ਹੈ।

ਖੱਦਰ ਦੀ ਜੁੱਲੀ ਬਖੀਆ ਰੇਸ਼ਮ ਦਾ——ਕਿਸੇ ਘਟੀਆ ਚੀਜ਼ ਨਾਲ ਵਧੀਆ ਵਸਤੂ ਦੇ ਮੇਲ ਨੂੰ ਅਢੁੱਕਵਾਂ ਦੱਸਣ ਲਈ ਇਹ ਅਖਾਣ ਬੋਲਦੇ ਹਨ।

ਖਰੀ ਮਜੂਰੀ ਚੋਖਾ ਕੰਮ——ਭਾਵ ਇਹ ਹੈ ਕਿ ਜੇਕਰ ਅਸੀਂ ਮਜ਼ਦੂਰ ਅਥਵਾ ਕਾਰੀਗਰ ਨੂੰ ਪੂਰੀ ਮਜ਼ਦੂਰੀ ਦੇਵਾਂਗੇ ਤਾਂ ਉਹ ਦਿਲ ਲਾ ਕੇ ਚੰਗਾ ਚੋਖਾ ਕੰਮ ਕਰੇਗਾ।

ਖਰੇ ਨਾਲ਼ ਖੋਦਾ, ਉਸ ਨੂੰ ਦਰਗਾਹੋਂ ਟੋਟਾ——ਜਿਹੜਾ ਬੰਦਾ ਸਾਊ ਤੇ ਈਮਾਨਦਾਰ ਬੰਦੇ ਨਾਲ਼ ਮਾੜਾ ਵਿਵਹਾਰ ਕਰਦਾ ਹੈ ਉਹ ਹਮੇਸ਼ਾ ਸ਼ਰਮਿੰਦਗੀ ਝਲਦਾ ਹੈ ਅਤੇ ਘਾਟੇ ਵਿੱਚ ਰਹਿੰਦਾ ਹੈ।

ਲੋਕ ਸਿਆਣਪਾਂ/ 67