ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਣ ਪੀਣ ਵਿੱਚ ਕਾਹਦੀ ਸ਼ਰਮ——ਭਾਵ ਸਪੱਸ਼ਟ ਹੈ ਕਿ ਖਾਣ-ਪੀਣ ਵਿੱਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ।

ਖਾਣਾ ਹਲਵਾਈਆਂ ਦੇ, ਭੌਂਕਣਾ ਕਸਾਈਆਂ ਦੇ——ਜਦੋਂ ਕੋਈ ਬੰਦਾ ਖਾਵੇ-ਪੀਵੇ ਕਿਸੇ ਹੋਰ ਦੇ ਤੇ ਟਹਿਲ ਸੇਵਾ ਕਿਸੇ ਹੋਰ ਦੀ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।

ਖਾਣਾ ਖਾਧਾ ਤੇ ਪੱਤਲ ਪਾਟੀ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਰ ਕੋਈ ਆਪਣਾ ਮਤਲਬ ਕੱਢਣ ਮਗਰੋਂ ਅੱਖਾਂ ਫੇਰ ਲੈਂਦਾ ਹੈ।

ਖਾਣਾ ਛਾਣ ਤੇ ਫੂਸੀਆਂ ਮੈਦੇ ਦੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਭੁੱਖਾ ਸ਼ੌਕੀਨ ਫ਼ੋਕਾ ਦਿਖਾਵਾ ਕਰਕੇ ਟੌਹਰ ਦਿਖਾਵੇ।

ਖਾਣਾ ਪੀਣਾ ਆਪਣਾ ਨਿਰੀ ਸਲਾਮਾ ਲੇਕਮ——ਫ਼ੋਕਾ ਦਿਖਾਵਾ ਕਰਨ ਵਾਲੇ ਮਿੱਤਰ ਦਾ ਜ਼ਿਕਰ ਆਉਣ ਸਮੇਂ ਇਹ ਅਖਾਣ ਬੋਲਦੇ ਹਨ।

ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ——ਜਦੋਂ ਕੋਈ ਕਮਜ਼ੋਰ ਬੰਦਾ ਆਪਣੀ ਫ਼ੋਕੀ ਵਡਿਆਈ ਦਾ ਦਿਖਾਵਾ ਕਰੇ, ਉਦੋਂ ਆਖਦੇ ਹਨ।

ਖਾਂਦਿਆਂ ਖੂਹ ਨਿਖੁੱਟ ਜਾਂਦੇ ਹਨ——ਇਸ ਅਖਾਣ ਵਿੱਚ ਕਮਾਈ ਕਰਨ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਵਿਹਲੇ ਬਹਿ ਕੇ ਖ਼ਰਚ ਕਰਨ ਨਾਲ਼ ਤਾਂ ਧਨ ਨਾਲ਼ ਭਰੇ ਖੂਹ ਵੀ ਮੁੱਕ ਜਾਂਦੇ ਹਨ।

ਖਾਧੇ ਉੱਪਰ ਖਾਣ ਲਾਹਣਤੀਆਂ ਦਾ ਕੰਮ——ਇਸ ਅਖਾਣ ਰਾਹੀਂ ਰੱਜ ਕੇ ਖਾਣ ਮਗਰੋਂ ਵਾਧੂ ਦਾ ਖਾਣ ਵਾਲ਼ੇ ਪ੍ਰਾਣੀਆਂ ਦੀ ਨਿਖੇਧੀ ਕੀਤੀ ਗਈ ਹੈ।

ਖਾਧੇ ਦਾ ਕੀ ਖਾਣ——ਭਾਵ ਇਹ ਹੈ ਕਿ ਜਿਹੜੀ ਚੀਜ਼ ਤੁਸੀਂ ਰੱਜ ਕੇ ਖਾ ਲਈ ਹੈ, ਉਸ ਨੂੰ ਹੋਰ ਖਾਣ ਦੀ ਲੋੜ ਨਹੀਂ ਐਵੇਂ ਵਾਧੂ ਦਾ ਵਿਗਾੜ ਪੱਲੇ ਪਵੇਗਾ।

ਖਾਨਾਂ ਦੇ ਖਾਨ ਪਾਹੁਣੇ——ਵੱਡੇ ਲੋਕਾਂ ਦੇ ਸੱਜਣ-ਮਿੱਤਰ ਵੀ ਵੱਡੇ ਲੋਕ ਹੀ ਹੁੰਦੇ ਹਨ।

ਖਾਨਾਂ ਦੇ ਖਾਨ ਪ੍ਰਾਹੁਣੇ, ਚਨਿਉਟੀਆਂ ਦੇ ਚਨਿਉਟ, ਖਾਨਾਂ ਨੂੰ ਮਾਰਨ ਬੱਕਰੇ, ਚਨਿਉਟ ਰਿਲ੍ਹਾਵਣ ਮੋਠ——ਇਸ ਅਖਾਣ ਦਾ ਭਾਵ ਇਹ ਹੈ ਕਿ ਹਰ ਕੋਈ ਆਪਣੀ ਵਿੱਤ ਅਨੁਸਾਰ ਆਪਣੇ ਪ੍ਰਾਹੁਣਿਆਂ ਦੀ ਸੇਵਾ ਸੰਭਾਲ ਕਰਦਾ ਹੈ।

ਖਾਲੀ ਸੰਖ ਵਜਾਏ ਦੀਪਾ——ਜਦੋਂ ਕੋਈ ਗਰੀਬ ਜਾਂ ਨਿਤਾਣਾ ਪੁਰਸ਼ ਫੋਕੀਆਂ ਫੂਕਾਂ ਮਾਰੇ, ਉਦੋਂ ਇੰਜ ਕਹਿੰਦੇ ਹਨ।

ਖਾਵੇ ਬੱਕਰੀ ਵਾਂਗ, ਸੁੱਕੇ ਲੱਕੜੀ ਵਾਂਗ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਚੰਗੀ ਤੇ ਨਰੋਈ ਖੁਰਾਕ ਖਾਣ ਨਾਲ ਹੀ ਚੰਗੀ ਤਰ੍ਹਾਂ ਕੰਮ ਕੀਤਾ ਜਾ ਸਕਦਾ ਹੈ।

ਖੁਆਉ ਜਵਾਈਆਂ ਵਾਂਗ ਕੰਮ ਲਵੋ ਕਸਾਈਆਂ ਵਾਂਗ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੇ ਪੁੱਤਰਾਂ ਨੂੰ ਨਰੋਈ ਤੇ ਰੱਜਵੀਂ ਖ਼ੁਰਾਕ ਦੇ ਕੇ ਉਹਨਾਂ ਨੂੰ ਮਿਹਨਤ ਨਾਲ਼ ਕੰਮ ਕਰਨ ਦੀ ਆਦਤ ਪਾਉ।

ਲੋਕ ਸਿਆਣਪਾਂ/69