ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਰਤਦੇ ਹਨ। ਜਿਵੇਂ ਮੌਤ ਦਾ ਕੋਈ ਸਮਾਂ ਨਿਸ਼ਚਿਤ ਨਹੀਂ, ਉਸੇ ਤਰ੍ਹਾਂ ਪਤਾ ਨਹੀਂ ਗਾਹਕ ਕਿਹੜੇ ਸਮੇਂ ਆ ਜਾਵੇ।

ਗਿੱਦੜ ਦਾਖ਼ ਨਾ ਅੱਪੜੇ, ਅਖੇ ਥੂ ਕੌੜੀ———ਜਦੋਂ ਯਤਨ ਕਰਨ 'ਤੇ ਕੋਈ ਚੀਜ਼ ਪ੍ਰਾਪਤ ਨਾ ਹੋ ਸਕੇ ਤਾਂ ਉਸ ਚੀਜ਼ ਨੂੰ ਮਾੜਾ ਆਖਣ ਤੇ ਇਹ ਅਖਾਣ ਬੋਲਿਆ ਜਾਂਦਾ ਹੈ।

ਗਿਣਵੀਆਂ ਹੱਡੀਆਂ, ਮਿਣਵਾਂ ਸ਼ੋਰਵਾ———ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਵਸਤੂ ਘੱਟ ਮਿਕਦਾਰ ਵਿੱਚ ਹੋਵੇ, ਮਸੀਂ ਗੁਜ਼ਾਰਾ ਹੀ ਹੋ ਸਕੇ।

ਗੂੰਗੇ ਦੀਆਂ ਸੈਨਤਾਂ ਗੂੰਗਾ ਜਾਣੇ ਜਾਂ ਗੂੰਗੇ ਦੀ ਮਾਂ———ਜਦੋਂ ਕੋਈ ਬੰਦਾ ਅਸਪੱਸ਼ਟ ਅਤੇ ਗੋਲ ਮੋਲ ਗੱਲਾਂ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।

ਗੁਪਤ ਖੇਡੇ ਸੋ ਨਾਥ ਕਾ ਚੇਲਾ———ਕਿਸੇ ਨੂੰ ਭੇਤ ਲੁਕੋ ਕੇ ਰੱਖਣ ਲਈ ਉਪਦੇਸ਼ ਦੇਣ ਸਮੇਂ ਇੰਜ ਆਖਦੇ ਹਨ।

ਗੁਰ ਗੁਰ ਵਿਦਿਆ, ਸਿਰ ਸਿਰ ਮੱਤ———ਹਰ ਕੋਈ ਕਿਸੇ ਗੱਲ ਦੀ ਵਿਆਖਿਆ ਆਪਣੀ ਮਤ ਅਨੁਸਾਰ ਕਰਦਾ ਹੈ। ਭਾਵ ਇਹ ਹੈ ਕਿ ਹਰ ਵਿਅਕਤੀ ਵੱਖਰੀ-ਵੱਖਰੀ ਸਮਝ ਤੇ ਗਿਆਨ ਦਾ ਮਾਲਕ ਹੈ।

ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ———ਜਦੋਂ ਕਿਸੇ ਉਸਤਾਦ ਦਾ ਚੇਲਾ ਝਲਪਣੇ ਜਾਂ ਸਿਆਣਪ ਵਿੱਚ ਆਪਣੇ ਉਸਤਾਦ ਨੂੰ ਮਾਤ ਪਾ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ———ਸ਼ਾਹੂਕਾਰ ਕੋਲੋਂ ਕਰਜ਼ਾ ਲੈਣ ਸਮੇਂ ਜਾਂ ਗੁਰੂ ਧਾਰਨ ਕਰਨ ਸਮੇਂ ਉਹਨਾਂ ਦੀ ਵਡਿਆਈ ਵਿੱਚ ਇਹ ਅਖਾਣ ਵਰਤਦੇ ਹਨ।

ਗੁੜ ਖਾਣਾ ਗੁਲਗਲਿਆਂ ਤੋਂ ਪ੍ਰਹੇਜ਼———ਇਹ ਅਖਾਣ ਉਸ ਪੁਰਸ਼ ਲਈ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਹਿੱਤ ਲਈ ਕਿਸੇ ਵਸਤੂ ਨੂੰ ਚੰਗਾ ਸਮਝੇ, ਪ੍ਰੰਤੂ ਉਸੇ ਵਸਤੂ ਨਾਲ਼ ਮਿਲਦੀ ਕਿਸੇ ਹੋਰ ਵਸਤੂ ਨੂੰ ਮਾੜਾ ਦੱਸੇ।

ਗੁੜ ਗਿੱਝੀ ਰੰਨ ਵਿਗੋਏ, ਛੱਲੀ ਪੂਣੀ ਹੱਟੀ ਢੋਏ———ਇਹ ਅਖਾਣ ਉਸ ਤੀਵੀਂ ਲਈ ਵਰਤਦੇ ਹਨ ਜਿਹੜੀ ਆਪਣੀ ਜੀਭ ਦੇ ਸੁਆਦਾਂ ਬਦਲੇ ਚੋਰੀ-ਚੋਰੀ ਆਪਣੇ ਘਰ ਦੀਆਂ ਵਸਤਾਂ ਹੱਟਵਾਣੀਏ ਨੂੰ ਲੁਟਾ ਦੇਵੇ।

ਗੁੜ ਦਿੱਤਿਆਂ ਦੇ ਦੁਸ਼ਮਣ ਮਰੇ ਮਹੁਰਾ ਕਿਉਂ ਦਈਏ———ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਸੁਲਾਹ ਸਫ਼ਾਈ ਨਾਲ਼ ਵੈਰੀ ਕਾਬੂ ਆ ਜਾਵੇ ਤਾਂ ਸਖ਼ਤੀ ਵਰਤਣ ਦੀ ਕੀ ਲੋੜ ਹੈ।

ਗੋਰਾ ਸਲਾਹੀਏ ਕਿ ਬੱਗਾ, ਹਰ ਦੂ ਲਾਹਨਤ———ਜਦੋਂ ਕੁਝ ਅਜਿਹੇ ਬੰਦਿਆਂ

ਲੋਕ ਸਿਆਣਪਾਂ/74