ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੋੜੀ ਨਹੀਂ ਚੜ੍ਹੇ, ਪਰ ਚੜ੍ਹਦੇ ਤਾਂ ਵੇਖੇ ਹਨ——ਜਿਹੜਾ ਕੰਮ ਤੁਸੀਂ ਆਪ ਨਹੀਂ ਕੀਤਾ, ਦੂਜਿਆਂ ਨੂੰ ਕਰਦਿਆਂ ਤਾਂ ਦੇਖਿਆ ਹੈ।

ਘੋੜੇ ਸਾਈਆਂ ਜੋੜੇ, ਨਹੀਂ ਤਾਂ ਮਿੱਟੀ ਦੇ ਰੋੜੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਮਾਲਕ ਘੋੜਿਆਂ ਨੂੰ ਆਪ ਵਰਤਣ ਤਾਂ ਸਾਬਤ ਸਬੂਤ ਰਹਿੰਦੇ ਹਨ। ਪਰਾਏ ਹੱਥ ਉਹ ਠੀਕ ਨਹੀਂ ਰਹਿੰਦੇ। ਮਾਲਕ ਆਪਣੀ ਵਸਤੂ ਦਾ ਸਹੀ ਖ਼ਿਆਲ ਰੱਖਦਾ ਹੈ।

ਘੋੜੇ ਕੰਨ ਬਰਾਬਰ ਹੋਏ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਸਖ਼ਤ ਮਿਹਨਤ ਕਰਨ ਮਗਰੋਂ ਵੀ ਬਹੁਤ ਥੋੜ੍ਹਾ ਇਵਜ਼ਾਨਾ ਮਿਲੇ।

ਘੋੜੇ ਘਰ ਸੁਲਤਾਨਾਂ, ਮਹੀਆਂ ਵਰ ਵਰਿਆਮਾਂ——ਭਾਵ ਇਹ ਹੈ ਕਿ ਚੰਗਾ ਖਾਂਦੇ-ਪੀਂਦੇ ਘਰ ਹੀ ਘੋੜੇ ਤੇ ਮੱਝਾਂ ਪਾਲ਼ ਸਕਦੇ ਹਨ। ਘੋੜੇ ਨੂੰ ਵਧੇਰੇ ਖ਼ਰਚ ਦੀ ਅਤੇ ਮੱਝ ਨੂੰ ਟਹਿਲ ਸੇਵਾ ਦੀ ਵਧੇਰੇ ਲੋੜ ਹੈ।

ਘੋੜੇ ਥਾਨੀ ਤੇ ਮਰਦ ਮੁਕਾਮੀ——ਭਾਵ ਇਹ ਹੈ ਕਿ ਮਾਲਕ ਦੇ ਕੀਲੇ 'ਤੇ ਖੜ੍ਹੇ ਘੋੜੇ ਦਾ ਵਧੇਰੇ ਮੁੱਲ ਪੈਂਦਾ ਹੈ, ਮੰਡੀ ਵਿੱਚ ਨਹੀਂ ਤੇ ਮਰਦ ਆਪਣੇ ਘਰ ਦਾ ਸਰਦਾਰ ਹੁੰਦਾ ਹੈ।

ਘੋੜੇ ਦੀ ਪੂੰਛ ਵੱਡੀ ਹੋਵੇਗੀ ਤਾਂ ਆਪਣਾ ਹੀ ਪਿੱਛਾ ਕੱਜੂ——ਭਾਵ ਇਹ ਹੈ ਕਿ ਕਿਸੇ ਦੀ ਅਮੀਰੀ ਦਾ ਕਿਸੇ ਦੂਜੇ ਨੂੰ ਕੀ ਲਾਭ ਹੋਣੈ, ਉਹਨੇ (ਅਮੀਰ ਨੇ) ਤਾਂ ਆਪਣਾ ਹੀ ਢਿੱਡ ਭਰਨੇ।

ਘੋੜੇ ਰੂੜੀਆਂ ਤੇ, ਤੇ ਖੋਤੇ ਖੁਦੀਂ——ਜਦੋਂ ਬੁਧੀਮਾਨਾਂ ਅਤੇ ਗੁਣੀਆਂ ਦੀ ਬੇਕਦਰੀ ਤੇ ਗੁਣਹੀਣਾਂ ਦੀ ਕਦਰ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਚੰਗੀ ਕਰ ਬਹਾਲੀਏ, ਪੇੜੇ ਲਏ ਛੁੱਪਾ——ਜਦੋਂ ਕਿਸੇ ਬੰਦੇ ਨੂੰ ਉਸ ਦੀ ਵਡਿਆਈ ਕਰਕੇ ਜ਼ਿੰਮੇਵਾਰੀ ਵਾਲ਼ਾ ਕੰਮ ਸੰਭਾਲੀਏ ਪ੍ਰੰਤੂ ਉਹ ਚੰਗਾ ਕੰਮ ਕਰਨ ਦੀ ਥਾਂ ਨੁਕਸਾਨ ਪਹੁੰਚਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੱਜ ਨਾ ਆਚਾਰ ਘੁਲਣ ਨੂੰ ਤਿਆਰ——ਇਹ ਅਖਾਣ ਉਸ ਗੁਣਹੀਣ ਬੰਦੇ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਰਤਾ ਭਰ ਵੀ ਅਕਲ ਨਾ ਹੋਵੇ ਤੇ ਹਰ ਕਿਸੇ ਨਾਲ ਝੱਜੂ ਪਾਈ ਰੱਖੋ।

ਚਚਾਲ ਬੱਦਲ ਗੱਜੇ, ਗਾਂ ਢੰਗੋਂਦਾ ਭੱਜੇ——ਇਸ ਅਖਾਣ ਦਾ ਭਾਵ ਇਹ ਹੈ ਕਿ ਆਥਣ ਸਮੇਂ ਜੇਕਰ ਉਤਰ-ਪੱਛਮ ਦੀ ਦਿਸ਼ਾ ਵਿੱਚ ਬੱਦਲ ਗਰਜੇ ਤਾਂ ਮੀਂਹ ਐਨੀ ਛੇਤੀ ਵਰ੍ਹੇਗਾ ਕਿ ਗਾਂ ਦੀ ਧਾਰ ਚੋਂਦੇ ਬੰਦੇ ਪਾਸੋਂ ਪੂਰੀ ਧਾਰ ਚੋਈ ਨਹੀਂ ਜਾਣੀ।

ਚਣਾ ਟੱਪੇਗਾ ਤਾਂ ਕਿਹੜੀ ਭੱਠੀ ਭੰਨ ਦਏਗਾ——ਭਾਵ ਇਹ ਹੈ ਕਿ ਕਮਜ਼ੋਰ ਤੇ ਨਿਤਾਣਾ ਬੰਦਾ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ।

ਲੋਕ ਸਿਆਣਪਾਂ/79