ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਹੀ ਫ਼ਲੀ ਪਈ, ਜਹੀ ਘੁੱਗੂ ਚੁਗ ਗਿਆ——ਜਦੋਂ ਕਿਸੇ ਨੂੰ ਜਿੰਨੀ ਕੁ ਕਮਾਈ ਹੋਵੇ ਤੇ ਉਹਦਾ ਓਨਾ ਹੀ ਖ਼ਰਚ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਜਹੀ ਰੂਹ ਤਹੇ ਫ਼ਰਿਸ਼ਤੇ——ਜਦੋਂ ਕਿਸੇ ਭੈੜੇ ਬੰਦੇ ਨੂੰ ਉਹਦੇ ਵਰਗਾ ਹੀ ਭੈੜਾ ਬੰਦਾ ਟੱਕਰ ਜਾਵੇ, ਉਦੋਂ ਇੰਜ ਬੋਲਦੇ ਹਨ।

ਜਹੇ ਕਿੱਲੇ ਬੱਚੇ, ਜਹੇ ਚੋਰਾਂ ਖੜੇ——ਇਹ ਅਖਾਣ ਅਜਿਹੇ ਨਿਕੰਮੇ ਤੇ ਨਕਾਰੇ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਘਰ ਰਹਿੰਦਾ ਹੋਇਆ ਕੋਈ ਕੰਮ ਨਾ ਕਰੇ।

ਜਹੇ ਜੰਮੇ ਜਹੇ ਨਾ ਜੰਮੇ——ਨਿਕੰਮੀ ਉਲਾਦ ਦੇ ਸਤਾਏ ਹੋਏ ਮਾਪੇ ਇਹ ਅਖਾਣ ਬੋਲਦੇ ਹਨ।

ਜੱਗ ਸ਼ੀਸ਼ਾ ਆਰਸੀ ਜੋ ਦੇਖੇ ਸੋ ਦੇਖ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੋ ਜਿਹਾ ਵਰਤਾਰਾ ਤੁਸੀਂ ਦੂਜਿਆਂ ਨਾਲ ਕਰੋਗੇ, ਦੂਜੇ ਵੀ ਤੁਹਾਡੇ ਨਾਲ਼ ਉਹੋ ਜਿਹਾ ਵਰਤਾਰਾ ਕਰਨਗੇ।

ਜੱਗ ਚਲੋ ਚਲੀ ਦਾ ਮੇਲਾ——ਭਾਵ ਇਹ ਹੈ ਕਿ ਇਸ ਸੰਸਾਰ ਵਿੱਚ ਪੱਕੇ ਤੌਰ 'ਤੇ ਕੋਈ ਨਹੀਂ ਰਹਿੰਦਾ, ਹਰ ਕਿਸੇ ਨੇ ਦੁਨੀਆਂ ਛੱਡ ਜਾਣੀ ਹੈ। ਅਜਿਹੇ ਬੋਲ ਆਮ ਕਰਕੇ ਸੋਗਮਈ ਸੰਗਤ ਵਿੱਚ ਵਰਤੇ ਜਾਂਦੇ ਹਨ।

ਜੱਗ ਨਾਲ਼ ਚੱਲੋ, ਸਭ ਕੁਝ ਪੱਲੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਹੜਾ ਬੰਦਾ ਆਪਣੇ ਸਮਾਜ ਤੇ ਭਾਈਚਾਰੇ ਦੀ ਰੀਤ ਅਨੁਸਾਰ ਜੀਵਨ ਜਿਉਂਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ।

ਜੱਗ ਜਹਾਨੋਂ ਬਾਹਰੀ ਸੱਭ ਖ਼ਲਕਤ ਟੱਕਰ ਹਾਰੀ——ਜਦੋਂ ਕੋਈ ਅਨੋਖੀ ਘਟਨਾ ਵਾਪਰ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਜੰਜ ਪਰਾਈ ਮੂਰਖ਼ ਨੱਚੇ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਕਿਸੇ ਦੀ ਖ਼ੁਸ਼ੀ ਦੇ ਜਸ਼ਨ ਵਿੱਚ ਬਿੰਨ ਬੁਲਾਇਆਂ ਸ਼ਾਮਿਲ ਹੋ ਜਾਵੇ।

ਜੱਟ ਸੋਨੇ ਦਾ, ਥੱਲਾ ਪਿੱਤਲ ਦਾ——ਜਦੋਂ ਕਿਸੇ ਵਿੱਚ ਸੈਆਂ ਗੁਣ ਹੁੰਦਿਆਂ ਇਕ ਅੱਧ ਔਗੁਣ ਹੋਵੇ, ਉਦੋਂ ਆਖਦੇ ਹਨ।

ਜੱਟ ਹੋਇਆ ਕਮਲਾ ਖ਼ੁਦਾ ਨੂੰ ਲੈ ਗਏ ਚੋਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਮਰਲਾ ਬੰਦਾ ਜਾਣ ਬੁੱਝ ਕੇ ਭੋਲ਼ਾ ਬਣ ਜਾਵੇ।

ਜੱਟ ਕੀ ਜਾਣੇ ਗੁਣ ਨੂੰ, ਲੋਹਾ ਕੀ ਜਾਣੇ ਘੁਣ ਨੂੰ——ਭਾਵ ਇਹ ਹੈ ਕਿ ਜੱਟ ਸਦਾ ਅਹਿਸਾਨ ਫ਼ਰਾਮੋਸ਼ (ਅਸਾਨ ਨੂੰ ਭੁੱਲ ਜਾਣ ਵਾਲੇ) ਹੁੰਦੇ ਹਨ, ਉਹਨਾਂ ਤੇ ਕਿਸੇ ਵੱਲੋਂ ਕੀਤੇ ਗਏ ਅਹਿਸਾਨ ਦਾ ਕੋਈ ਅਸਰ ਨਹੀਂ ਹੁੰਦਾ, ਜਿਵੇਂ ਲੋਹੇ ਨੂੰ ਘੁਣ ਨਹੀਂ ਲੱਗਦਾ।

ਜੱਟ ਕੀ ਜਾਣੇ ਲੌਂਗਾਂ ਦਾ ਭਾਅ——ਇਸ ਅਖਾਣ ਵਿੱਚ ਜੱਟ ਦੇ ਭੋਲੇਪਣ ਨੂੰ ਦਰਸਾਇਆ ਗਿਆ ਹੈ।

ਲੋਕ ਸਿਆਣਪਾਂ/86