ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜੰਮੀ ਨਾ ਜਾਈ ਮੈਂ ਮੁੰਡੇ ਦੀ ਤਾਈ——ਇਹ ਅਖਾਣ ਉਸ ਬੰਦੇ ਲਈ ਵਰਤਦੇ ਹਨ ਜਿਹੜਾ ਆਪਣੇ ਮਤਲਬ ਲਈ ਖਾਹ-ਮਖਾਹ ਰਿਸ਼ਤੇਦਾਰੀਆਂ ਗੰਢ ਲਵੇ।

ਜ਼ਨਾਨੀ ਮੰਗੇ ਪੇੜੇ ਉਸ ਨੂੰ ਦੇਣ ਵਾਲੇ ਬਥੇਰੇ, ਮਰਦ ਮੰਗੇ ਆਟਾ ਉਸ ਨੂੰ ਆਟੇ ਦਾ ਵੀ ਘਾਟਾ——ਇਹ ਅਖਾਣ ਆਮ ਕਰਕੇ ਮਰਦ ਔਰਤਾਂ ਨੂੰ ਮਜ਼ਾਕ ਵਿੱਚ ਆਖਦੇ ਹਨ। ਬਈ ਮਰਦਾਂ ਨੂੰ ਕਿਹੜਾ ਪੁੱਛਦੈ? ਪੁੱਛ ਤਾਂ ਜ਼ਨਾਨੀਆਂ ਦੀ ਪੈਂਦੀ ਐ।

ਜੰਮੇ ਨੌਂ ਪਿੱਟੇ ਤੇਰਾਂ——ਜਦੋਂ ਕੋਈ ਬੰਦਾ ਆਪਣੇ ਕਾਰ ਵਿਹਾਰ ਵਿੱਚ ਪਏ ਘਾਟੇ ਨੂੰ ਆਪਣੀ ਅਸਲੀ ਰਾਸ ਪੂੰਜੀ ਨਾਲ਼ੋਂ ਪਏ ਵੱਧ ਘਾਟੇ ਦਾ ਰੌਲ਼ਾ ਪਾਵੇ, ਉਦੋਂ ਇੰਜ ਆਖਦੇ ਹਨ।

ਜੰਮੇ ਲਾਲ ਤੇ ਵੰਡੇ ਕੋਲੇ——ਇਹ ਅਖਾਣ ਕਿਸੇ ਭੱਦਰ ਪੁਰਸ਼ ਦੀ ਨਾਲਾਇਕ ਔਲਾਦ ਦੀ ਭੈੜੀ ਕਰਤੁਤ ਨੂੰ ਵੇਖ ਕੇ ਵਰਤਦੇ ਹਨ।

ਜਵਾਰ ਦੇ ਭੋਖੜੇ ਕੋਈ ਅੰਗਾਰ ਨਹੀਂ ਖਾਂਦਾ——ਭਾਵ ਇਹ ਹੈ ਕਿ ਬੰਦਾ ਉਸੇ ਵਸਤੂ ਦੀ ਭਾਲ਼ ਕਰਦਾ ਹੈ ਜਿਸ ਦੀ ਉਸ ਨੂੰ ਲੋੜ ਹੋਵੇ।

ਜਾਂ ਦਿਨ ਹੋਣ ਸਵੱਲੜੇ, ਉੱਗਣ ਭੁੱਜੇ ਮੋਠ——ਭਾਵ ਇਹ ਹੈ ਕਿ ਜੇਕਰ ਬੰਦੇ ਦੀ ਕਿਸਮਤ ਚੰਗੀ ਹੋਵੇ ਤਾਂ ਵਿਗੜੇ ਹੋਏ ਕੰਮ ਵੀ ਰਾਸ ਆ ਜਾਂਦੇ ਹਨ।

ਜਾਂ ਨੂੰਹ ਕਵਾਰੀ ਸੱਸ ਸਦਕੇ ਤੇ ਵਾਰੀ, ਜਾਂ ਨੂੰਹ ਵਿਆਹੀ ਨਿੱਤ ਝਗੜਾ ਤੇ ਲੜਾਈ——ਭਾਵ ਇਹ ਹੈ ਕਿ ਜਦੋਂ ਵਿਆਹ ਮਗਰੋਂ ਨੂੰਹ ਘਰ ਆ ਕੇ ਸੱਸ ਪਾਸੋਂ ਆਪਣੇ ਹੱਕ ਹਕੂਕ ਮੰਗਦੀ ਹੈ, ਸੱਸ ਛੇਤੀ ਦੇਣ ਨੂੰ ਤਿਆਰ ਨਹੀਂ ਹੁੰਦੀ, ਜਿਸ ਕਰਕੇ ਘਰ ਵਿੱਚ ਸੱਸ-ਨੂੰਹ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ।

ਜਾਹ ਨੀ ਧੀਏ ਰਾਵੀ, ਨਾ ਕੋਈ ਆਵੀ ਨਾ ਕੋਈ ਜਾਣੀ——ਜਦੋਂ ਕੋਈ ਸੱਜਣ ਪਿਆਰਾ ਕਿਧਰੇ ਦੂਰ ਜਾ ਵਸੇ, ਉਦੋਂ ਇਹ ਅਖਾਣ ਬੋਲਦੇ ਹਨ।

ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ——ਭਾਵ ਇਹ ਹੈ ਕਿ ਸੁਚੇਤ ਰਹਿਣ ਵਾਲ਼ਾ ਬੰਦਾ ਸੁਸਤ ਬੰਦੇ ਨਾਲ਼ੋਂ ਹਰ ਗੱਲ ਵਿੱਚ ਮੀਰੀ ਰਹਿੰਦਾ ਹੈ।

ਜਾਤ ਦੀ ਕੋਹੜ ਕਿਰਲੀ ਛਤੀਰਾਂ ਨਾਲ਼ ਜੱਫੇ——ਕਿਸੇ ਆਰਥਿਕ ਤੌਰ 'ਤੇ ਮਾੜੇ ਬੰਦੇ ਨੂੰ ਧਨਾਢ ਬੰਦਿਆਂ ਨਾਲ਼ ਸਕੀਰੀ ਗੰਢਣ ਸਮੇਂ ਇਹ ਅਖਾਣ ਬੋਲਦੇ ਹਨ। ਕੋਈ ਕਮਜ਼ੋਰ ਬੰਦਾ ਤਕੜੇ ਬੰਦੇ ਨੂੰ ਹੱਥ ਪਾਵੇ, ਉਦੋਂ ਵੀ ਇੰਜ ਆਖਦੇ ਹਨ।

ਜਾਂਦੇ ਚੋਰ ਦੀ ਲੰਗੋਟੀ ਹੀ ਸਹੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਬਹੁਤਾ ਲਾਭ ਮਿਲਣ ਦੀ ਥਾਂ ਥੋੜ੍ਹਾ ਲਾਭ ਪ੍ਰਾਪਤ ਹੋਵੇ ਜਾਂ ਜਦੋਂ ਕਿਸੇ ਕੰਜੂਸ ਬੰਦੇ ਪਾਸੋਂ ਥੋੜ੍ਹੀ ਬਹੁਤੀ ਸਹਾਇਤਾ ਮਿਲ ਜਾਵੇ, ਉਦੋਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।

ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ——ਜਦੋਂ ਕਿਸੇ ਗੱਲ-ਬਾਤ ਜਾਂ ਦਵਾ ਦਾਰੂ ਦਾ ਅਸਰ ਝਟ-ਪਟ ਸਾਹਮਣੇ ਪ੍ਰਗਟ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਲੋਕ ਸਿਆਣਪਾਂ/89