ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਨ ਏ, ਜਹਾਨ ਏ——ਇਸ ਅਖਾਣ ਰਾਹੀਂ ਕਿਸੇ ਰੋਗੀ ਤੇ ਕਮਜ਼ੋਰ ਬੰਦੇ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਵਧੇਰੇ ਖ਼ਰਚ ਕਰਨ ਅਤੇ ਘੱਟ ਖੇਚਲ ਵਾਲ਼ੇ ਕੰਮ ਕਰਨ ਲਈ ਸੁਝਾਓ ਦਿੱਤੇ ਗਏ ਹਨ।

ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਉਂ-ਜਿਉਂ ਬੰਦੇ ਦੇ ਸਿਰ 'ਤੇ ਜ਼ਿੰਮੇਵਾਰੀਆਂ ਦਾ ਭਾਰ ਪੈਂਦਾ ਜਾਂਦਾ ਹੈ ਉਹ ਓਨਾ ਹੀ ਸਿਆਣਾ ਤੇ ਤਜਰਬੇਦਾਰ ਬਣ ਜਾਂਦਾ ਹੈ।

ਜਿਉਂ ਜਿਉਂ ਖੋਏਂਗੀ, ਤਿਉਂ ਤਿਉਂ ਰੋਏਂਗੀ——ਭਾਵ ਇਹ ਹੈ ਕਿ ਜਦੋਂ ਕਿਸੇ ਬੰਦੇ ਦਾ ਕਿਸੇ ਭੈੜੀ ਵਸਤੂ ਨਾਲ਼ ਲੰਬੇ ਸਮੇਂ ਦਾ ਵਾਹ ਪੈ ਜਾਵੇ, ਉਦੋਂ ਉਸ ਨਾਲ਼ ਹਮਦਰਦੀ ਪ੍ਰਗਟ ਕਰਦੇ ਹੋਏ ਲੋਕੀਂ ਇਹ ਅਖਾਣ ਬੋਲਦੇ ਹਨ।

ਜਿਸ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋ——ਭਾਵ ਇਹ ਹੈ ਕਿ ਜਿਸ ਦੇ ਸਿਰ 'ਤੇ ਪ੍ਰਮਾਤਮਾ ਦਾ ਹੱਥ ਹੋਵੇ, ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।

ਜਿਸ ਖੇਤੀ ਵਿੱਚ ਸਾਈਂ ਨਾ ਜਾਏ, ਉਹ ਖੇਤੀ ਸਾਈਂ ਨੂੰ ਖਾਏ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜਾ ਕਿਸਾਨ ਆਪਣੀ ਖੇਤੀ ਦੀ ਦੇਖ-ਭਾਲ ਆਪ ਨਹੀਂ ਕਰਦਾ ਉਸ ਨੂੰ ਖੇਤੀ ਵਿੱਚ ਬਹੁਤ ਸਾਰਾ ਨੁਕਸਾਨ ਝੱਲਣਾ ਪੈਂਦਾ ਹੈ।

ਜਿਸ ਗਰਾਂ ਜਾਣਾ ਨਹੀਂ, ਉਸ ਦਾ ਰਾਹ ਕੀ ਪੁੱਛਣਾ——ਭਾਵ ਇਹ ਹੈ ਕਿ ਜਿਹੜਾ ਕੰਮ ਤੁਸੀਂ ਕਰਨਾ ਨਹੀਂ, ਉਹਦੇ ਬਾਰੇ ਸੋਚ ਵਿਚਾਰ ਕਰਨ ਦੀ ਕੀ ਲੋੜ ਹੈ। ਵਾਧੂ ਦੀ ਚਿੰਤਾ 'ਚ ਨਾ ਪਵੋ।

ਜਿਸ ਤਨ ਲੱਗੇ ਸੋ ਤਨ ਜਾਣੇ——ਭਾਵ ਸਪੱਸ਼ਟ ਹੈ। ਜਿਸ ਨੂੰ ਕੋਈ ਦੁਖ ਪੁੱਜਦਾ ਹੈ ਉਸ ਨੂੰ ਉਹ ਹੀ ਜਾਣਦਾ ਹੈ ਦੂਜਾ ਨਹੀਂ ਜਾਣ ਸਕਦਾ।

ਜਿਸ ਦਾ ਆਂਡਲ ਵਿਕੇ, ਉਹ ਖੱਸੀ ਕਿਉਂ ਕਰੇ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਜੇ ਥੋੜੀ ਮਿਹਨਤ ਕਰਨ ਨਾਲ਼ ਚੰਗੀ ਆਮਦਨ ਹੋ ਸਕਦੀ ਹੈ ਤਾਂ ਬਹੁਤੀ ਮਿਹਨਤ ਤੇ ਨੱਠ-ਭੱਜ ਕਰਨ ਦੀ ਕੀ ਲੋੜ ਹੈ।

ਜਿਸ ਦਾ ਖਾਈਏ, ਉਸ ਦੇ ਗੁਣ ਗਾਈਏ——ਭਾਵ ਇਹ ਹੈ ਕਿ ਜਿਸ ਬੰਦੇ ਦੀ ਕ੍ਰਿਪਾ ਦੁਆਰਾ ਤੁਹਾਨੂੰ ਲਾਭ ਪ੍ਰਾਪਤ ਹੁੰਦਾ ਹੈ ਉਸ ਦੀ ਵਡਿਆਈ ਕਰਨਾ ਤੁਹਾਡਾ ਫ਼ਰਜ਼ ਹੈ।

ਜਿਸ ਦਾ ਵਗੇ ਖਾਲ਼, ਉਹਨੂੰ ਕੀ ਆਖੇ ਕਾਲ਼——ਭਾਵ ਇਹ ਹੈ ਕਿ ਜਿਸ ਕਿਸਾਨ ਦੀ ਪੈਲੀ ਨੂੰ ਚੰਗਾ ਚੋਖਾ ਪਾਣੀ ਲੱਗਦਾ ਹੋਵੇ, ਉਹਦੀ ਫ਼ਸਲ ਚੰਗੀ ਹੁੰਦੀ ਹੈ। ਉਸ ਨੂੰ ਕਾਲ਼ ਪੈਣ ਦਾ ਡਰ ਨਹੀਂ।

ਜਿਸ ਦੇ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ——ਜਦੋਂ ਕੋਈ ਕਿਸੇ ਦੂਜੇ ਦੇ ਦੁਖ 'ਤੇ ਮਖੌਲ ਉਡਾਵੇ, ਉਸ ਨੂੰ ਸਮਝਾਉਣ ਲਈ ਇਹ ਅਖਾਣ ਬੋਲਦੇ ਹਨ। ਦੂਜੇ ਦੇ ਦੁੱਖ ਨੂੰ ਕੋਈ ਨਹੀਂ ਜਾਣ ਸਕਦਾ।

ਲੋਕ ਸਿਆਣਪਾਂ/90