ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਦੀ ਬਾਂਦਰੀ ਓਹੀ ਨਚਾਏ——ਭਾਵ ਇਹ ਹੈ ਕਿ ਕਿਸੇ ਚੀਜ਼ ਜਾਂ ਮਸ਼ੀਨ ਦਾ ਮਾਲਕ ਹੀ ਉਸ ਨੂੰ ਚੰਗੀ ਤਰ੍ਹਾਂ ਚਲਾਉਣ ਦਾ ਵਲ ਜਾਣਦਾ ਹੈ।

ਜਿਸ ਦੇ ਹੱਥ ਹਥਿਆਰ ਉਸ ਦਾ ਕੀ ਇਤਬਾਰ——ਭਾਵ ਇਹ ਹੈ ਕਿ ਜਿਸ ਬੰਦੇ ਕੋਲ਼ ਹਥਿਆਰ ਹੋਵੇ, ਉਹ ਕਿਸੇ ਵੇਲ਼ੇ ਵੀ ਨਾਰਾਜ਼ ਹੋ ਕੇ ਹਥਿਆਰ ਚਲਾ ਸਕਦਾ ਹੈ। ਇਸ ਲਈ ਉਸ ਤੋਂ ਬਚ ਕੇ ਰਹਿਣਾ ਹੀ ਚੰਗਾ ਹੈ।

ਜਿਸ ਦੇ ਹੱਥ ਡੋਈ ਉਸ ਦਾ ਸਭ ਕੋਈ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਸ ਬੰਦੇ ਕੋਲ ਖਾਣ-ਪੀਣ ਜਾਂ ਕੁਝ ਦੇ ਸਕਣ ਦੀ ਸਮਰੱਥਾ ਹੋਵੇ, ਸਭ ਉਸ ਦੇ ਮਿੱਤਰ ਬਣ ਜਾਂਦੇ ਹਨ।

ਜਿਸ ਦੇ ਗਲ਼ ਪੱਲਾ, ਉਹਨੂੰ ਸੌ ਖੱਲਾ, ਜਿਸ ਦਾ ਹੱਥ ਖੁੱਲ੍ਹਾ ਉਹਨੂੰ ਖੈਰ ਸੱਲਾ——ਜਿਹੜਾ ਬੰਦਾ ਗਲ਼ ਪੱਲਾ ਪਾ ਕੇ ਅਧੀਨਤਾ ਦਿਖਾਵੇ ਉਹ ਨੂੰ ਮਾਰ ਪੈਂਦੀ ਹੈ, ਜਿਹੜਾ ਖੁੱਲ੍ਹੇ ਹੱਥੀਂ ਹੋਵੇ ਉਸ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਕਿਉਂਕਿ ਉਹ ਵੀ ਅੱਗੋਂ ਹੱਥ ਚੁੱਕ ਕੇ ਇੱਟ ਦਾ ਜਵਾਬ ਪੱਥਰ ਨਾਲ਼ ਦਿੰਦਾ ਹੈ।

ਜਿਸ ਦੇ ਘਰ ਬੈਲ ਵਾਹ, ਉਹਨੂੰ ਧਨ ਦੀ ਕੀ ਪ੍ਰਵਾਹ——ਭਾਵ ਇਹ ਹੈ ਕਿ ਜਿਸ ਕਿਸਾਨ ਕੋਲ ਆਪਣੀ ਵਾਹੀ ਜੋਗੀ ਜ਼ਮੀਨ ਹੋਵੇ ਤੇ ਬਲਦ ਹੋਣ ਉਹ ਨੂੰ ਧੰਨ ਦੀ ਤੋਟ ਨਹੀਂ ਰਹਿੰਦੀ।

ਜਿਸ ਦੇ ਢੱਗੇ ਮਾੜੇ, ਉਸ ਦੇ ਕਰਮ ਵੀ ਮਾੜੇ——ਭਾਵ ਇਹ ਹੈ ਕਿ ਕਮਜ਼ੋਰ ਬਲਦਾਂ ਨਾਲ਼ ਖੇਤੀ ਨਹੀਂ ਹੋ ਸਕਦੀ। ਲਾਭ ਦੀ ਥਾਂ ਉਲਟਾ ਨੁਕਸਾਨ ਹੁੰਦਾ ਹੈ।

ਜਿਸ ਨੇ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ——ਇੰਜ ਮਖ਼ੌਲ ਵਜੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਖਾਣ-ਪੀਣ ਸਮੇਂ ਸ਼ਰਮ ਕਰਨ ਵਾਲ਼ਾ ਘਾਟੇ ਵਿੱਚ ਰਹਿੰਦਾ ਹੈ। ਜਾਂ ਜਿਹੜੇ ਕੰਮਚੋਰ ਬੰਦੇ ਕੋਈ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ, ਉਹ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।

ਜਿਸ ਭਰਵਾਣੀ ਦੀ ਉੱਨ ਨਾ ਵੇਲੀ ਉਸੇ ਦਾ ਮੂੰਹ ਵਿੰਗਾ——ਭਾਵ ਇਹ ਹੈ ਕਿ ਜਿਸ ਕਿਸੇ ਦਾ ਤੁਸੀਂ ਕੰਮ ਨਾ ਕਰੋ ਉਹ ਤੁਹਾਡੇ ਨਾਲ਼ ਨਾਰਾਜ਼ ਹੋ ਜਾਂਦਾ ਹੈ।

ਜਿਹੜਾ ਆਈ ਗਲ ਰੱਖੇ, ਉਹ ਮੋਇਆ ਮੁਰਦਾ ਚੱਖੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਗੱਲ ਕਰਦਾ-ਕਰਦਾ ਗੱਲ ਨੂੰ ਅੱਗੋਂ ਲੁਕਾਉਣ ਦੀ ਕੋਸ਼ਿਸ਼ ਕਰੇ।

ਜਿਹੜਾ ਸੁਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ——ਇਸ ਅਖਾਣ ਵਿੱਚ ਘਰ ਦੇ ਸੁਖ ਤੇ ਮੌਜ ਦੀ ਵਡਿਆਈ ਕੀਤੀ ਗਈ ਹੈ।

ਜਿਹੜਾ ਖਾਏ ਉਹ ਵੀ ਪਛਤਾਏ ਜਿਹੜਾ ਨਾ ਖਾਏ ਉਹ ਵੀ ਪਛਤਾਏ——ਇਸ ਅਖਾਣ ਵਿੱਚ ਗ੍ਰਹਿਸਤੀ ਜੀਵਨ ਦੇ ਦੁੱਖਾਂ-ਸੁੱਖਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਲੋਕ ਸਿਆਣਪਾਂ/91