ਟੁਰਿਆ ਟੁਰਿਆ ਜਾਂਦਾ ਤੂੰ ਬਿਨ ਰੋਟੀ ਖਾਧੇ, ਬਿਨ ਪਾਣੀ ਪੀਤੇ,
ਧੁਰੋਂ ਖਾ ਕੇ ਤੁਰਿਓਂ ਤੂੰ ਕੋਈ ਤੋਸਾ, ਪੀ ਕੇ ਤੁਰਿਓਂ ਕੋਈ ਅੰਮ੍ਰਤ,
ਮੁੜ ਪਿਆਸ ਨਾ ਲਗਦੀ ਨਾ ਭੁੱਖ, ਨਾ ਵਿਹਲ ਮਿਲਦੀ ਰਤਾ।
ਐਡੇ ਖਿਲਰੇ ਤੇਰੇ ਖਿਲਾਰ, ਸੌਂਪਣੇ ਸੌਂਪੇ ਤੈਨੂੰ ਤੇਰੇ ਬਾਪੂ ਨੇ ਐਨੇ,
ਪਿਆਰਾਂ ਵਾਲਾ ਬਾਪੂ ਤੇਰਾ ਹੋਸੀ ਕੋਈ ਤੇਰੇ ਵਾਂਗਰਾਂ ਦਾ।
ਟੁਰਿਆ ਟੁਰਿਆ ਜਾਂਦਾ, ਉਹਨਾਂ ਮਾੜਿਆਂ ਵੰਨੀਂ,
ਧਤਕਾਰਿਆ ਜਿਨ੍ਹਾਂ ਨੂੰ ਸਾਰੀ ਖਲਕਤ ਨੇ।
ਤੂੰ ਲੰਘਦਾ ਓਹਨਾਂ ਦੀ ਗਲੀ,
ਵੜਦਾ ਉਹਨਾਂ ਦੇ ਅੰਦਰੀਂ,
ਬੈਠਦਾ ਉਹਨਾਂ ਦੇ ਨਾਲ ਟੁੱਟੇ ਤੱਪੜਾਂ ਤੇ,
ਹਸਦਾ ਖੇਡਦਾ ਉਹਨਾਂ ਦੇ ਨਾਲ, ਜਿਨ੍ਹਾਂ ਨਾਲ ਨਾ ਹਸਦਾ ਕੋਈ,
ਹਸਦੇ ਜਿਨ੍ਹਾਂ ਨੂੰ ਸਾਰੇ,
ਖਾਂਦਾ ਉਨ੍ਹਾਂ ਦੀਆਂ ਬੇਹੀਆਂ ਰੋਟੀਆਂ ਮੋਟੀਆਂ,
ਪੀਂਦਾ ਪਾਣੀ ਉਨ੍ਹਾਂ ਦੇ ਪਿਆਲਿਓਂ,
ਤੇ ਸੁਣਾਂਦਾ ਉਨ੍ਹਾਂ ਨੂੰ ਮਿਠੀਆਂ ਮਿਠੀਆਂ ਗੱਲਾਂ ਆਪਣੇ ਬਾਪੂ
ਦੀਆਂ।
ਉਹ ਜਾਣਦੇ ਕੋਈ ਪਾਤਸ਼ਾਹ ਉਤਰਿਆ ਅਸਾਡੇ,
ਪਾਤਸ਼ਾਹਾਂ ਦੀ ਪਰਵਾਹ ਨਾ ਰਖਦੇ ਮੁੜ ਉਹ।
ਤੂੰ ਜਾਂਦਾ ਉਨ੍ਹਾਂ ਦੇ ਘਰ ਜਿਨ੍ਹਾਂ ਨੂੰ ‘ਗੁਨਾਹਗਾਰ' ਆਖਦੇ ਲੋਕ,
ਪਾਕ ਵੱਡੇ।
੧੦੦