ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/112

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਟੇ ਵਾਲਾ ਕੁੱਤਾ

ਮੋਟਾ, ਭੋਲੂ, ਜੱਤਲ,
ਮਖਮਲੀ ਗਦੇਲਿਆਂ ਤੇ ਸਉਂਦਾ,
ਗੁਦਗੁਦੇ ਪੱਟਾਂ ਤੇ ਬੈਠਦਾ,
ਨਾਜ਼ਕ ਪਤਲੇ ਲੰਮੇ ਹੱਥ ਚੱਟਦਾ,
ਨਕ ਪੂੰਝਦਾ ਪਸ਼ਮੀਨੀ ਧੁੱਸਿਆਂ ਨਾਲ,
ਮੈਂ ਪਟੇ ਵਾਲਾ ਕੁੱਤਾ!

ਮੋਟਰਾਂ ਮੇਰੀ ਸਵਾਰੀ ਲਈ,
ਪਲੰਘ ਨਿਵਾਰੀ ਸਉਣ ਨੂੰ,
ਖਿਦਮਤ-ਗਾਰ ਸਿਆਣੇ ਕਈ ਮੇਰੇ ਲਈ,
ਦੱਧਾਂ ਗੋਸ਼ਤਾਂ ਦੇ ਭੰਡਾਰ,
ਸਲੋਤਰੀ ਇਕ ਦੋ ਚਾਰ, ਸਦਾ ਹਾਜ਼ਰ।
ਮੈਂ ਪਟੇ ਵਾਲਾ ਕੁੱਤਾ ਹਾਂ!

ਸੋਹਣੀ ਗੋਰੀ ਮੁਟਿਆਰ ਮੂੰਹ ਚੁੰਮਦੀ ਮੇਰਾ,
ਤੇ ਸੋਹਣਾ ਗਭਰੂ ਜਵਾਨ ਪਿੰਡਾ ਥਾਪੜਦਾ ਮੇਰਾ,
ਸਿਖੇ ਹੋਏ ਪਹਿਰੇ ਦਾਰ ਮੇਰਾ ਪਹਿਰਾ ਰਖਦੇ,
ਗਰਮ ਪਾਣੀ, ਸੋਹਣੇ ਸਾਬਨਾਂ ਨਾਲ, ਨਿਤ ਗੁਸਲ ਕਰਾਂਦੇ,
ਬੁਰਾਂ-ਦਾਰ ਤੌਲੀਆਂ ਨਾਲ, ਮੇਰਾ ਪਿੰਡਾ ਝੱਸਦੇ।

੧੦੭