ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਥਰਾ ਗਈਆਂ ਨਜ਼ਰਾਂ ਮੇਰੀਆਂ, ਇਹ ਪੱਥਰ ਰਾਹ ਵਿਹੰਦੀਆਂ
ਵਿਹੰਦੀਆਂ,
ਦਿੱਸਿਆ ਕੁਝ ਨਾਂਹ, ਹਾ!
ਮੈਂ ਰਾਹੀ ਹਾਂ ਇਸ ਰਾਹ ਦਾ-ਸਾਥ-ਹੀਣ, ਰਹਿਮਤ-ਹੀਣ,
ਥੁੜ-ਹਿੰਮਤਾ,
ਕਦੀ ਕੋਈ ਅੱਥਰ ਨਾ ਡਿਗੀ ਕਿਸੇ ਅੱਖ ਵਿਚੋਂ ਮੇਰੇ ਲਈ,
ਨਾ ਕੋਈ ਦਰਦ ਮੇਰੇ ਵਿਚ ਘੁਲਿਆ ਕਦੀ,
ਕਦੀ ਕੋਈ ਮੁਸਕ੍ਰਾਹਟ ਨਾ ਨਿਕਲੀ ਮੇਰੇ ਲਈ, ਕਿਸੇ ਦੀਆਂ
ਸੁਹਣੀਆਂ ਬੁੱਲ੍ਹੀਆਂ ਚੋਂ,
ਨਾ ਕੋਈ ਨਰਮ ਸੀਤਲ ਹਥ ਲੱਗਾ ਮੇਰੇ ਸੜਦੇ ਮੱਥੇ ਤੇ ਕਦੀ,
ਕਦੇ ਨਾ ਮੇਰਾ ਦੁਖਦਾ ਸਿਰ ਰਖਿਆ ਕਿਸੇ ਆਪਣੇ ਸੁਹਲ
ਗੁਦਗੁਦੇ ਪੱਟਾਂ ਤੇ,
ਨਾ ਕਿਸੇ ਦਰਦੀ ਦਿਲ ਨੇ ਦਵਾ ਕੀਤੀ ਮੇਰੇ ਦਰਦਾਂ ਦੀ ਕਦੀ,
ਸੁਖ, ਸ਼ਾਂਤੀ, ਸੰਤੋਖ ਕਦੀ ਨਸੀਬ ਹੋਇਆ ਨਹੀਂ ਮੈਂ ਬਦ-
ਨਸੀਬ ਨੂੰ,
ਨਾ ਕੋਈ ਖੁਸ਼ੀ ਮੈਂ ਡਿੱਠੀ, ਨਾ ਸੁਖ, ਨਾ ਆਰਾਮ,
ਮੇਰੀ ਅਨੰਤ ਪੀੜਾ ਲਈ ਕਦੀ ਕੋਈ ਮੇਹਰ ਦੇ ਬੋਲ ਨਾ
ਨਿਕਲੇ।
ਬਸ ਮੈਂ ਹਾਂ, ਮੇਰਾ ਇਹ ਰਾਹ ਤੇ ਮੇਰੀਆਂ ਆਹ ਪੜਾਂ-
ਮੈਂ ਰਾਹੀ ਹਾਂ ਪੀੜਤ।
ਮੌਤ ਮੰਗੀ ਮੈਂ ਅਨੰਤ ਵਾਰ, ਮਿਲੀ ਨਾਂਹ।