ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਜ਼ੀਗਰ ਨੂੰ

ਆਪੂੰ ਹੱਸਨਾ ਏਂ, ਮੌਜਾਂ ਮਾਣਨਾ ਏਂ,
ਸਾਡੀ ਦੁਨੀਂ ਕਿਸ ਧੰਧੜੇ ਲਾਈ ਹੋਈ ਆ?
ਬਾਜ਼ੀਗਰਾ, ਤੇਰੀ ਬਾਜ਼ੀ ਬੜੀ ਸੋਹਣੀ,
ਅਸਾਂ ਮੂਰਖਾਂ ਨੂੰ ਫਾਹੀ ਪਾਈ ਹੋਈ ਆ।
ਕਦੇ ਵੜੇਂ ਨਾ ਵਿਚ ਮਸੀਤ ਆਪੂੰ,
ਸਾਡੇ ਲਈ ਇਹ ਅੜੀ ਅੜਾਈ ਹੋਈ ਆ।
ਠਾਕੁਰ-ਦ੍ਵਾਰਿਆਂ ਵਿਚ ਨਹੀਂ ਵਾਸ ਤੇਰਾ,
ਕਾਹਨੂੰ ਮੁਫਤ ਲੜਾਈ ਪਵਾਈ ਹੋਈ ਆ?
ਤੈਨੂੰ ਧਰਮਸਾਲੋਂ ਮਾਰ ਬਾਹਰ ਕੀਤਾ,
ਇਹਨਾਂ 'ਭਾਈਆਂ' ਨੇ ਅੱਤ ਚਾਈ ਹੋਈ ਆ।
ਗਿਰਜੇ ਵਿੱਚ ਨਾ ਹੀ ਲੱਭਾ ਮੁਸ਼ਕ ਤੇਰਾ,
ਟੋਪੀ ਵਾਲਿਆਂ ਅੰਨ੍ਹੀ ਮਚਾਈ ਹੋਈ ਆ।
ਆਪੂੰ ਛੱਪ ਬੈਠੋਂ, ਏਥੇ ਖੱਪ ਪੈ ਗਈ,
ਤੇਰੀ ਧੁਰਾਂ ਦੀ ਅੱਗ ਲਗਾਈ ਹੋਈ ਆ।
ਬੁਰਕੇ ਲਾਹ, ਉੱਠ ਦਿਹ ਖਾਂ ਦਰਸ ਯਾਰਾ,
ਐਵੇਂ ਕਾਸ ਨੂੰ ਧੂੜ ਧੁਮਾਈ ਹੋਈ ਆ?

੨੦