ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/41

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਮੂਰਖਾ! ਤੂੰ ਮੇਰਾ ਰਾਖਾ ਹੈਂ ਕਿ ਮੈਂ ਤੇਰਾ?
ਤੂੰ ਮੇਰੇ ਆਸਰੇ ਹੈਂ, ਕਿ ਮੈਂ ਤੇਰੇ?
ਮੈਂ ਤੈਨੂੰ ਬਣਾਇਆ ਸੀ ਵਿਗਾਸ ਵਾਸਤੇ ਕਿ ਰਾਖੀ ਲਈ?"
ਮੈਂ ਭੌਂਚਕ, ਭੁਆਟਣੀ ਖਾ ਡਿਗਾ-
ਹੋਸ਼ ਪਰਤੀ, ਤਾਂ ਸਭ ਕੁਝ ਬਦਲ ਚੁਕਾ ਸੀ।
ਹੁਣ ਸਾਰੇ ਰੱਬ ਦਿਸਦਾ ਸੀ- ਸਾਰਿਆਂ ਵਿਚ ਓਹੋ।
ਕਾਫਰ ਉਸ ਦੇ ਸਨ, ਨਾਸਤਕ ਉਸ ਦੇ,
ਕਾਫਰ ਕੋਈ ਨਾ ਸੀ, ਨਾਸਤਕ ਕੋਈ ਨਾ।
ਮੈਨੂੰ ਭਰਮ ਸੀ ਐਵੇਂ ਭਲੇਖਾ,
ਜਿਨ੍ਹਾਂ ਨੂੰ ਮੈਂ ਮਾਰਦਾ ਸੀ, ਉਨ੍ਹਾਂ ਵਿਚ ਓਹੋ ਮੈਨੂੰ ਬਖਸ਼ਦਾ ਸੀ।
ਉਹ ਸਾਰੇ ਸੀ, ਸਭ ਵਿਚ; ਸਭ ਉਸ ਦੇ ਸਨ, ਉਸ ਵਿਚ
ਵਿੱਥਾਂ, ਵਿਤਕਰੇ, ਕੁਫਰ ਮੇਰੇ ਸਨ, ਮੇਰੀ ਅੱਡਰਤਾ ਦੇ,
ਉਸ ਦਾ ਰਾਹ ਕੋਈ ਨਾ ਸੀ, ਗੁਮਰਾਹ ਕੋਈ ਨਾ।

ਹੁਣ ਮੈਂ ਉਸ ਦਾ ਹਾਂ, ਉਸ ਦੇ ਆਸਰੇ,
ਉਹ ਮੇਰਾ ਰਾਖਾ ਹੈ, ਮੈਂ ਉਸ ਦੀ ਰਖਵਾਲੀ ਵਿਚ।
ਉਹ ਮੇਰਾ ਸਦਾ ਵਿਗਾਸੀ ਰੱਬ ਹੈ, ਮੈਂ ਉਸ ਦਾ ਵਿਗਾਸ ਭਗਤ।
ਉਹ ਹੈ, ਮੈਂ ਨਹੀਂ।

੩੬