ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਨ ਰਾਹ ਰਾਹੀ ਸਾਂ ਮੈਂ, ਹੋਰ ਭੌਂਦਲਿਆ,
ਗੁਆਚ ਗਿਆ ਮੈਂ, ਉਫ! ਗੁਆਚਿਆਂ ਦੀ ਕੰਨ ਧਰ,
ਤੂੰ ਆਇਓਂ ਫੇਰ ਮੇਰੇ ਕੋਲ, ਆਪੂੰ ਚਲ ਕੇ।

ਮੈਂ ਵੇਖਿਆ, ਮੈਂ ਸਿਆਣਿਆ ਬੱਸ ਤੂੰ ਹੀ ਸੈਂ,
ਸਾਰੇ ਤੂੰ ਹੀ ਸੈਂ-
ਚੱਟੂ ਵਾਲੇ ਵੱਟੇ ਵਿਚ, ਠਾਕਰਾਂ ਦੇ ਟਿੱਟੇ ਵਿਚ,
ਮੰਦਰਾਂ ਦੇ ਬੁੱਤ ਵਿਚ, ਮਸਜਦਾਂ ਦੀ ਸੁੰਞ ਵਿਚ,
ਗ੍ਰੰਥਾਂ ਦੇ ਸ਼ਬਦਾਂ ਵਿਚ, ਕਿਤਾਬਾਂ ਦੇ ਵਰਕਾਂ ਵਿਚ,
ਭਗਤਾਂ ਦੀ ਭਗਤੀ ਵਿਚ, ਸ਼ਰਾਬੀਆਂ ਦੀ ਮਸਤੀ ਵਿਚ,
ਪੁੰਨੀਆਂ ਦੇ ਪੁੰਨ ਵਿਚ, ਪਾਪੀਆਂ ਦੇ ਪਾਪ ਵਿਚ,
ਬੱਕਰੇ ਦੀ ਜਾਨ ਵਿਚ, ਕਸਾਈ ਦੀ ਛੁਰੀ ਵਿਚ,
ਦੁਖੀਆਂ ਦੇ ਦੁੱਖ ਵਿਚ, ਸੁਖੀਆਂ ਦੇ ਸੁਖ ਵਿਚ,
ਰੋਗੀਆਂ ਦੇ ਰੋਗ ਵਿਚ, ਭੋਗੀਆਂ ਦੇ ਭੋਗ ਵਿਚ,
ਮੂਰਤਾਂ ਬਣਾਈਆਂ ਵਿਚ, ਰਾਗ ਕਵਿਤਾ ਗਾਈਆਂ ਵਿਚ,
ਕੋੜ੍ਹਿਆਂ ਦੇ ਕੋੜ੍ਹ ਵਿਚ, ਸੁੰਦਰਾਂ ਦੇ ਸੁਹਜ ਵਿਚ,
ਭਿਖਾਰੀਆਂ ਦੀ ਭਿਖ ਵਿਚ, ਦਾਤਿਆਂ ਦੇ ਦਾਨ ਵਿਚ,
ਮੋਮਨਾਂ ਦੀ ਮੋਮ ਵਿਚ, ਕਾਫ਼ਰਾਂ ਦੇ ਕੁਫ਼ਰ ਵਿਚ।

ਤਲਾਸ਼ ਬੇ-ਸੂਦ ਹੈ, ਢੂੰਡ ਬੇ-ਫ਼ੈਜ਼,
ਮੰਦਰ ਸੱਖਣੇ ਹਨ, ਮਸਜਦਾਂ ਖਾਲੀ,
ਅੰਦਰ ਸੱਖਣਾ, ਸਭ ਕੁਝ ਸੱਖਣਾ,

੬੫