ਪੰਨਾ:ਵਰ ਤੇ ਸਰਾਪ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਮੈਂ ਕਿਹਾ ਕੋਈ ਜਣਾ ਇਸ ਨੂੰ ਸਧਾ ਨਹੀਂ ਸਕਦਾ।"
"ਕਿਉਂ ਨਹੀਂ। ਪਰ ਜਨਾਬ ਇਉਂ ਆਖੋ ਕਿ ਕੋਈ ਜਣਾ ਇਸਨੂੰ ਤਹਿਜ਼ੀਬ ਨਹੀਂ ਸਿਖਲਾ ਸਕਦਾ।
"ਦੈਟਸ ਬੈਟਰ।" (ਇਹ ਠੀਕ ਹੈ) ਤਮਾਕੂ ਚਬਦਾ ਹੋਇਆ ਬੁੱਢਾ ਕਾਰਪੋਰਲ ਅਗੇ ਵਧਦਾ ਹੈ। ਉਸਦੀ ਗੰਜੀ ਟਿੰਡ ਲਿਸ਼ਕਦੀ ਹੈ। ਉਸਦੇ ਦੰਦ-ਰਹਿਤ ਮੂੰਹ ਵਿਚੋਂ ਰਾਲਾਂ ਵਗਦੀਆਂ ਹਨ ਤੇ ਉਹ ਆਖਦਾ ਹੈ।
"ਇਸ ਸ਼ੁਭ ਕੌਮੀ ਕੰਮ ਲਈ ਬੰਦਾ ਹਾਜ਼ਰ ਹੈ।"
"ਹੇ ਕਾਰਪੋਰਲ! ਹਿਪ ਹਿਪ ਹੁੱਰਾ ... ਗੰਜਾ ਕਾਰਪੋਰਲ ਹਿਪ ਹਿਪ ਹੁਰਾ।"
ਸਾਰਾ ਕੈਂਪ ਚੀਖ਼ ਉਠਦਾ ਹੈ। ਫਿਰ ਇਕ ਜਲੂਸ ਦੀ ਸ਼ਕਲ ਵਿਚ ਸਾਰੇ ਜਣੇ ਪਿੰਡ ਦੇ ਪੈਗੋਡਾ ਵਲ ਤੁਰ ਪੈਂਦੇ ਹਨ।
ਪੈਗੋਡਾ ਜੋ ਕਦੀ ਮਹਾਤਮਾ ਬੁਧ ਦਾ ਨਿਵਾਸ ਅਸਥਾਨ ਸੀ। ਇਸ ਦੀ ਛਤ ਹਵਾਈ ਹਮਲੇ ਵਿਚ ਉਡ ਚੁਕੀ ਹੈ। ਬੁਧ ਮਹਾਤਮਾਂ ਦੀ ਵਡੀ ਜੜਾਉ ਮੂਰਤੀ, ਸ਼ੈਲ ਸਪਲਿੰਟਰਜ਼ ਨਾਲ ਫੀਤੇ ਫੀਤੇ ਹੋ ਚੁਕੀ ਹੈ। ਹੁਣ ਇਹ ਥਾਂ ਇਸ ਫ਼ੌਜੀ ਛਾਉਣੀ ਦੀ ਸਟੇਸ਼ਨ ਕੈਨਟੀਨ ਅਥਵਾ ਸਭਯਤਾ ਕੇਂਦਰ ਹੈ। ਕਦੀ ਕਦੀ ਇਥੇ ਜੰਗ ਦੇ ਬੰਦੀ ਲਿਆਏ ਜਾਂਦੇ ਹਨ, ਰੱਖੇ ਜਾਂਦੇ ਹਨ ਤੇ ਸਿਧਾਏ ਜਾਂਦੇ ਹਨ।

ਸਾਰਾ ਕੈਂਪ ਹੁਲੜ ਮਚਾ ਰਿਹਾ ਹੈ। ਅਗੇ ਅਗੇ ਬੰਦੀ ਕੁੜੀ ਤੇ ਉਸਨੂੰ ਸਿਧਾਣ ਵਾਲਾ ਕੌਮੀ ਸ਼ਹੀਦ ਗੰਜਾ

੧੨੪.

ਵਰ ਤੇ ਸਰਾਪ