ਪੰਨਾ:ਵਰ ਤੇ ਸਰਾਪ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹਾਯਾਤ ਕੁੜੀਆਂ ਵਾਂਗ ਭਾਬੀ ਨੂੰ ਗੁੱਸੇ ਵੇਖ ਕੇ ਸ਼ੀਲਾ ਬੋਲੀ ਸੀ, "ਜਾਣ ਦੇ ਭਾਬੀ। ਖਾਣ ਖਸਮਾਂ ਨੂੰ, ਆਪੇ ਭੌਂਕ ਭੌਂਕ ਕੇ ਚੁਪ ਕਰ ਰਹਿਣਗੇ।" ਭਾਵੇਂ ਉਸ ਦੀ ਮਾਂ ਉਸ ਨਾਲ ਵਾਪਸ ਮੁੜ ਆਈ ਸੀ, ਪਰ ਉਸ ਨੇ ਸ਼ੀਲਾ ਨੂੰ ਮੁਆਫ਼ ਨਹੀਂ ਸੀ ਕੀਤਾ।
"ਇਸ ਨਾਲੋਂ ਤੇ ਚੰਗਾ ਹੁੰਦਾ ਸ਼ੀਲਾ, ਮੈਂ ਤੇਰਾ ਜਮਦੀ ਦਾ ਗਲਾ ਘੁਟ ਦੇਂਦੀ। ਸ਼ੀਲਾ ਤੂੰ ਮੇਰੀ ਧੀ ਨਹੀਂ ਏ, ਪਤਾ ਨਹੀਂ ਕੌਣ ਏ ਕੁਲਹਿਣੀਏ। ਪਤਾ ਨਹੀਂ ਉਸ ਦੀ ਮਾਂ ਨੇ ਉਸ ਰਾਤ ਹੋਰ ਕੀ ਕੁਝ ਆਖਿਆ ਸੀ ਉਸ ਨੂੰ, ਉਸ ਰਾਤ ਉਸ ਦੀ ਮਾਂ ਨੂੰ ਬਹੁਤ ਜ਼ੋਰ ਦੀ ਬੁਖ਼ਾਰ ਆਇਆ ਤੇ ਉਹ ਸ਼ੀਲਾ ਨੂੰ ਇਕੱਲੀ ਛਡ ਗਈ, ਸਦਾ ਲਈ।
ਸ਼ੀਲਾ ਨੂੰ ਆਪਣੀ ਮਾਂ ਦਾ ਅੰਤਮ ਸਮਾਂ ਯਾਦ ਆਇਆ ਤੇ ਉਸ ਦੀਆਂ ਅੱਖੀਆਂ ਭਰ ਆਈਆਂ। ਭਾ.... ਬੀ... ਉਸ ਦਾ ਜੀ ਕੀਤਾ ਉਹ ਜ਼ੋਰ ਜ਼ੋਰ ਨਾਲ ਚੀਕੇ ਪਰ ਆਵਾਜ਼ ਸੀ ਕਿ ਉਸ ਦੇ ਗਲੇ ਵਿਚੋਂ ਨਿਕਲਦੀ ਹੀ ਨਹੀਂ ਸੀ। ਹਰ ਵਾਰ ਉਸ ਦੇ ਗਲੇ ਤੀਕ ਆ ਕੇ ਉਸ ਦੀ ਆਵਾਜ਼ ਰੁਕ ਜਾਂਦੀ! ਉਹ ਕਿਤਨੀ ਦੇਰ ਤੀਕ ਚੁਪ ਚਾਪ ਰੋਂਦੀ ਰਹੀ।
ਫਿਰ ਉਸਨੇ ਵੇਖਿਆ, ਕਿ ਗੋਰੇ ਰੰਗ ਵਾਲਾ ਨੌਜਵਾਨ ਜਿਸ ਦੀਆਂ ਨੀਲੀਆਂ ਅਖੀਆਂ ਸਨ ਤੇ ਭੂਰੇ ਭੁਰੇ ਲੰਮੇ ਪਟੇ, ਇਕ ਮੋਟਰ ਲੈ ਕੇ ਉਸ ਦੇ ਘਰ ਦੇ ਬਾਹਰ ਆਇਆ ਹੈ। ਉਸ ਨੇ ਉਸ ਦੇ ਵਾਲ ਠੀਕ ਕੀਤੇ। ਉਸ ਨੂੰ ਪਿਆਰ ਕੀਤਾ ਤੇ ਆਪਣੇ ਨਾਲ ਲੈ ਗਿਆ।

ਦੋ ਸਾਲ ਤੀਕ ਸ਼ੀਲਾ ਉਸ ਦੇ ਨਾਲ ਰਹਿੰਦੀ ਰਹੀ। ਉਸ ਨੇ ਉਸ ਨੂੰ ਬੜੀ ਸੈਰ ਕਰਾਈ ਸੀ, ਉਹ ਮੋਟਰ ਚਲਾਂਦਾ ਸੀ।

ਵਰ ਤੇ ਸਰਾਪ

੩੩.