ਪੰਨਾ:ਵਰ ਤੇ ਸਰਾਪ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਭਰ ਉਹ ਬਾਹਰ ਚਲਾ ਜਾਂਦਾ ਤੇ ਸ਼ੀਲਾ ਉਸ ਨੂੰ ਉਡੀਕਦੀ ਰਹਿੰਦੀ। ਰਾਤ ਨੂੰ ਸ਼ੀਲਾ ਇਕੱਲੀ ਹੁੰਦੀ। ਉਸ ਨੂੰ ਬੜਾ ਡਰ ਲਗਦਾ ਤੇ ਉਹ ਰਾਤ ਭਰ ਜਾਗਦੀ ਰਹਿੰਦੀ। ਫਿਰ ਉਸ ਦੀਆਂ ਰਾਤ ਦੀਆਂ ਡਿਊਟੀਆਂ ਜ਼ਿਆਦਾ ਹੋਣ ਲਗ ਪਈਆਂ। ਰਾਤੀ ਪਰਭਾਤੀਂ ਜਦੋਂ ਉਸ ਦਾ ਜੀ ਕਰਦਾ ਉਹ ਵਾਪਸ ਆ ਜਾਂਦਾ। ਉਸ ਨੂੰ ਖ਼ਾਰਸ਼ ਹੁੰਦੀ ਸੀ। ਸ਼ੀਲਾ ਉਸ ਦੇ ਸਰੀਰ ਤੇ ਤੇਲ ਦੀ ਮਾਲਿਸ਼ ਕਰਦੀ ਸੀ! ਫਿਰ ਉਹ ਕੋਈ ਦਵਾਈ ਪੀਂਦਾ ਸੀ, ਕੌੜੀ ਤੇ ਬਦਬੂਦਾਰ, ਜਿਸ ਦਿਨ ਉਹ ਦਵਾਈ ਪੀ ਕੇ ਆਂਦਾ ਸੀ ਸ਼ੀਲਾ ਨੂੰ ਝਟ ਪਤਾ ਲੱਗ ਜਾਂਦਾ। ਉਸ ਦੀ ਬੂ ਬੜੀ ਭੈੜੀ ਸੀ। ਉਹ ਜਦੋਂ ਆਪਣਾ ਮੂੰਹ ਪਰੇ ਪਰੇ ਕਰਦੀ ਸੀ ਤੇ ਉਹ ਹੋਰ ਉਸ ਦੇ ਨੇੜੇ ਨੇੜੇ ਹੁੰਦਾ ਜਾਂਦਾ ਸੀ। ਫਿਰ ਉਹ ਸ਼ੀਲਾ ਨੂੰ ਜ਼ੋਰ ਨਾਲ ਘੁਟ ਲੈਂਦਾ। ਉਹ ਕਦੀ ਕਦੀ ਸ਼ੀਲਾ ਨੂੰ ਮਾਰਦਾ ਵੀ ਸੀ ਪਰ ਉਹ ਉਸ ਨੂੰ ਚੰਗਾ ਲਗਦਾ ਸੀ, ਤੇ ਫਿਰ ਇਕ ਦਿਨ ਉਹ ਵੀ ਸ਼ੀਲਾ ਨੂੰ ਤਿਆਗ ਗਿਆ।

ਸ਼ੀਲਾ ਦੇ ਸਰੀਰ ਤੇ ਫੋੜੇ ਨਿਕਲ ਆਏ ਸਨ। ਪਹਿਲਾਂ ਉਸਨੂੰ ਖ਼ਾਰਸ਼ ਪਈ ਤੇ ਫਿਰ ਨਿੱਕੇ ਨਿੱਕੇ ਵੱਡੇ ਵੱਡੇ ਫੋੜੇ ਉਸਦੇ ਸਰੀਰ ਤੇ ਨਿਕਲ ਆਏ। ਫਿਰ ਉਸ ਦੇ ਸਰੀਰ ਵਿਚੋਂ ਲਹੂ ਰਿਸਣ ਲਗ ਪਿਆ। ਫਿਰ ਉਸ ਦੇ ਫੋੜਿਆਂ ਵਿਚ ਪਸ ਪੈ ਗਈ ਤੇ ਉਸ ਦਾ ਸਰੀਰ ਹੌਲੀ ਹੌਲੀ ਗਲ ਕੇ ਝੜਨ ਲਗ ਪਿਆ। ਲੋਕਾਂ ਨੇ ਆਖਿਆ ਇਹ ਖਤਰਨਾਕ ਬੀਮਾਰੀ ਹੈ। ਲੋਕੀ ਉਸ ਨੂੰ ਨੇੜੇ ਨਹੀਂ ਸਨ ਲਗਣ ਦੇਂਦੇ। ਮੰਗਿਆਂ ਉਸ ਨੂੰ ਭਿਖ ਭੀ ਨਹੀਂ ਸੀ ਮਿਲਦੀ, ਲੋਕੀ ਉਸ ਨੂੰ ਹਰ ਪਾਸਿਉਂ ਧਤਕਾਰਦੇ ਸਨ ਤੇ ਇਕ ਦਿਨ ਉਸ ਨੇ

੩੪.

ਵਰ ਤੇ ਸਰਾਪ