ਪੰਨਾ:ਵਰ ਤੇ ਸਰਾਪ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਉਹ ਸਮਝ ਨਾ ਸਕਿਆ ਦੂਰ ਪੱਛਮ ਵਿਚ ਲੜੀ ਜਾ ਰਹੀ ਲੜਾਈ ਵਿਚ ਸ਼ਹੀਦ ਹੋਣਾ ਕਿਥੋਂ ਦੀ ਸਿਆਣਪ ਸੀ ਤੇ ਸ਼ਹੀਦ ਹੋਣ ਵਾਲੇ ਹਿੰਦੁਸਤਾਨੀ ਯੋਧਿਆਂ ਨੇ ਇਸ ਵਿਚ ਕੀ ਬਿਹਤਰੀ ਵੇਖੀ ਸੀ।

"ਸ਼ੇਰ ਸਿੰਘ" ਉਸ ਨੇ ਨਾਉਂ ਪੜ੍ਹਿਆ ਤੇ ਜਿਵੇਂ ਸਚ ਮੁਚ ਸ਼ੇਰ ਸਿੰਘ ਉਸ ਦੇ ਸਾਹਮਣੇ ਆ ਕੇ ਖਲੋ ਗਿਆ ਸੀ। ਇਹ ਇਕ ਛੇ ਫੁੱਟ ਉਚੇ ਕੱਦ ਵਾਲਾ ਸੁਨੱਖਾ ਨੌਜਵਾਨ ਸੀ। ਉਸ ਦੇ ਭਰਵੇਂ ਚਿਹਰੇ ਤੇ ਇਕ ਬਾਰੋਅਬ ਦਾੜ੍ਹੀ ਸੀ। ਕੁੰਡਲੀਆਂ ਮੁੱਛਾਂ ਸਨ। ਚੌੜੀ ਚਕਲੀ ਉਸ ਦੀ ਛਾਤੀ ਸੀ ਤੇ ਬਾਹਵਾਂ ਅਸਪਾਤ ਦੀਆਂ ਸਨ। ਸਾਫ਼ ਜਾਪਦਾ ਸੀ ਉਸ ਦੀ ਮਜ਼ਬੂਤ ਛਾਤੀ ਵਿਚ ਸਚ ਮੁਚ ਸ਼ੇਰ ਦਾ ਕਲੇਜਾ ਹੈ। ਪਰ ਖ਼ਬਰੇ ਫਿਰ ਵੀ ਕਿਉਂ ਉਸ ਦੇ ਚਿਹਰੇ ਤੇ ਕੋਈ ਰੌਣਕ ਨਹੀਂ ਸੀ ਤੇ ਉਸ ਦਾ ਚਿਹਰਾ ਫਿੱਕਾ ਸੀ ਤੇ ਉਦਾਸ ਤੇ ਉਸ ਨੇ ਆਪ ਮੁਹਾਰੇ ਹੀ ਆਖਿਆ "ਪਰਦੇਸੀ ਤੂੰ ਮੇਰੀ ਕਹਾਣੀ ਸੁਨਣਾ ਚਾਹੁੰਦਾ ਹੈਂ। ਸੁਣ, ਮੈਂ ਇਕ ਪੰਜਾਬੀ ਹਾਂ। ਦੂਰ ਪੰਜਾਬ ਦਿਆਂ ਹਰਿਆਂ ਖੇਤਾਂ ਨਾਲ ਭਰਪੂਰ ਮੇਰਾ ਇਕ ਪਿੰਡ ਹੈ। ਕਦੀ ਮੈਂ ਉਥੇ ਰਹਿੰਦਾ ਸਾਂ। ਹਾਂ ਇਹ ਉਦੋਂ ਦੀ ਗਲ ਹੈ ਜਦੋਂ ਮੈਂ ਉਥੇ ਰਹਿੰਦਾ ਸਾਂ। ਜਦੋਂ ਮੈਂ ਆਪਣੇ ਆਪ ਨੂੰ ਪੰਜਾਬ ਦੇ ਉਨ੍ਹਾਂ ਹਰੇ ਹਰੇ ਖੇਤਾਂ ਦਾ ਪੁਤਰ ਆਖ ਸਕਦਾ ਸਾਂ। ਮੇਰੀ ਉਮਰ ੧੪ ਸਾਲ ਦੀ ਸੀ। ਮੈਂ ਆਪਣੇ ਪਿੰਡ ਤੋਂ ਸਤ ਮੀਲ ਦੂਰ, ਲਾਗਲੇ ਸ਼ਹਿਰ ਦੇ ਇਕ ਸਕੂਲ ਦੀ ਨਾਵੀਂ ਜਮਾਤ ਵਿਚ ਪੜ੍ਹਦਾ ਸਾਂ। ਸ਼ਾਇਦ ਤੂੰ ਜਾਣਦਾ ਹੋਵੇਗਾ ਪਰਦੇਸੀ, ਖੇਤਾਂ ਦੀ ਹਰਿਆਵਲੀ ਤੋਂ ਪੈਦਾ ਹੋਏ ਬੱਚੇ ਆਪਣੇ ਆਪ ਵਿਚ ਇਕ ਤਾਜ਼ਗੀ ਰਖਦੇ ਹਨ।

ਵਰ ਤੇ ਸਰਾਪ

੪੩.