ਪੰਨਾ:ਵਰ ਤੇ ਸਰਾਪ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਦਾ ਰਿਹਾ ਹਾਂ, ਮੈਂ ਉਸ ਦੀਆਂ ਤਿਲਕਦੀਆਂ ਹੋਈਆਂ ਕਿਰਨਾਂ ਵਿਚ ਕਦੀ ਵੀ ਕਿਸੇ ਦੰਮ ਤੋੜਦੇ ਮਨੁਖ ਦੀਆਂ ਆਖਰੀ ਹਿਚਕੀਆਂ ਨਹੀਂ ਸੁਣੀਆਂ। ਉਸ ਨੇ ਅਜ ਤੀਕ ਕਦੀ ਵੀ ਡੁਬਣ ਲਗਿਆਂ ਮੈਨੂੰ ਕਿਸੇ ਮਰ ਰਹੇ ਮਨੁਖ ਦੀ ਚੇਤਾਉਣੀ ਨਹੀਂ ਕਰਾਈ। ਆਖ਼ਰ ਲੋਕੀ ਕਿਉਂ ਡੁਬਦੇ ਹੋਏ ਸੂਰਜ ਨੂੰ ਘਿਰਨਾ ਨਾਲ ਵੇਖਦੇ ਹਨ? ਮੈਨੂੰ ਤਾਂ ਡੁਬਦੇ ਅਤੇ ਚੜਦੇ ਸੂਰਜ ਵਿਚ ਇਕੋ ਜਿਹਾ ਤੇਜ ਦਿਸਦਾ ਹੈ। ਸੂਰਜ ਹਰ ਹਾਲਤ ਵਿਚ ਸੂਰਜ ਹੀ ਰਹਿੰਦਾ ਹੈ। ਸੂਰਜ ਦੇਵਤਾ। ਰੋਸ਼ਨੀ ਤੇ ਨਿਘ ਦਾ ਮੁਢ ਕਦੀਮੀ ਸੋਮਾਂ। ਮੈਂ ਕਈ ਵਾਰੀ ਇਹ ਗਲ ਆਪਣੇ ਪਿਤਾ ਨੂੰ ਸਮਝਾਈ ਸੀ। ਇਨਸਾਨ ਨੂੰ ਇਹ ਗਲ ਸੂਰਜ ਪਾਸੋਂ ਸਿਖਣੀ ਚਾਹੀਦੀ ਹੈ। ਬਚਪਨ, ਜਵਾਨੀ ਤੇ ਬੁਢੇਪੇ ਦੀ ਅਵੱਸਥਾ ਵਿਚ ਇਨਸਾਨ ਬਚਾ, ਜਵਾਨ ਤੇ ਬੁਢਾ ਨਹੀਂ ਹੁੰਦਾ, ਸਗੋਂ ਇਨਸਾਨ ਹੀ ਰਹਿੰਦਾ ਹੈ, ਜਿਸ ਤਰ੍ਹਾਂ ਡੁਬਦਾ ਤੇ ਚੜ੍ਹਦਾ ਹੋਇਆ ਸੂਰਜ, ਸੂਰਜ ਹੀ ਹੈ।

ਅਜੇ ਕਲ ਦੀ ਗਲ ਹੈ, ਮੈਂ ਬੱਚਾ ਸਾਂ। ਮੇਰਾ ਪਿਤਾ ਜਵਾਨ ਸੀ। ਮੈਂ ਜਵਾਨ ਹੋਇਆ ਤੇ ਮੇਰਾ ਪਿਤਾ ਬੁੱਢਾ ਹੋ ਗਿਆ। ਮੇਰਾ ਪਿਤਾ! ਉਹ ਇਕ ਸ਼ਾਨਦਾਰ ਪਿਤਾ ਹੋਣ ਤੋਂ ਇਲਾਵਾ ਇਕ ਸਿਆਣਾ ਕਾਰੀਗਰ ਵੀ ਸੀ! ਨਹੀਂ ਉਹ ਇਕ ਪੂਰਨ ਇਨਸਾਨ ਸੀ, ਜਿਸ ਨੂੰ ਆਪਣੇ ਆਪ ਤੇ ਕਾਬੂ ਸੀ। ਪਰ ਅਫ਼ਸੋਸ ਇਕ ਪੂਰਨ ਇਨਸਾਨ, ਜਿਸ ਨੂੰ ਆਪਣੀ ਜ਼ਿੰਦਗੀ ਤੇ ਕਾਬੂ ਸੀ, ਆਪਣੀ ਮੌਤ ਤੇ ਕਾਬੂ ਨ ਪਾ ਸਕਿਆ। ਮੈਂ ਉਸ ਨੂੰ ਆਪ ਆਪਣੀਆਂ ਅੱਖਾਂ ਨਾਲ ਦੰਮ ਤੋੜਦਿਆਂ ਵੇਖਿਆ। ਉਹ

੫੬.

ਵਰ ਤੇ ਸਰਾਪ