ਪੰਨਾ:ਵਰ ਤੇ ਸਰਾਪ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰਜੰਟ ਮੇਜਰ ਯਾਰਕ ਨੇ ਰੰਗਰੂਟਾਂ ਦਿਆਂ ਪੈਰਾਂ ਵਲ ਵੇਖਦਿਆਂ ਹੋਇਆਂ ਸਾਰਜੰਟ ਸਕਾਟ ਨੂੰ ਆਖਿਆ..
"ਡੈਮ ਦੀਜ਼ ਇੰਡੀਅਨਜ਼।"
ਜਾਪਦਾ ਸੀ ਕਿਸੇ ਰੰਗਰੂਟ ਨੇ ਗ਼ਲਤ ਕਦਮ ਚੁੱਕਿਆ ਸੀ ਤੇ ਅੰਬ ਅਤੇ ਇਮਲੀ ਦੀਆਂ ਪੱਤੀਆਂ ਆਪਸ ਵਿਚ ਗਡ ਮਡ ਹੋ ਗਈਆਂ ਸਨ। ਸਾਰਜੰਟ ਮੇਜਰ ਦੀਆਂ ਲੰਮੀਆਂ ਭੂਰੀਆਂ ਮੁੱਛਾਂ ਤੇ ਧੂੜ ਦੀ ਇਕ ਤਹਿ ਜੰਮ ਗਈ ਸੀ ਤੇ ਧੁੱਪ ਤੇ ਮਿੱਟੀ ਵਿਚ ਪਰੇਡ ਕਰਾਂਦਿਆਂ ਉਸ ਦੀ ਗੰਜੀ ਖੋਪੜੀ ਤੇ ਪਸੀਨੇ ਦੇ ਮੋਟੇ ਮੋਟੇ ਕਤਰੇ ਉਭਰ ਆਏ ਸਨ। ਇਹੋ ਜਹੀ ਹਾਲਤ ਵਿਚ ਉਸ ਦਾ ਖਿੱਝ ਜਾਣਾ ਹੋਰ ਵੀ ਸੁਭਾਵਕ ਸੀ।
"ਬਲੱਡੀ ਈਡੀਅਟਸ। ਇਤਨਾ ਵੀ ਨਹੀਂ ਜਾਣਦੇ ਕਿ ਲੈਫਟ ਖੱਬੇ ਨੂੰ ਕਹਿੰਦੇ ਹਨ ਤੇ ਰਾਈਟ ਸਜੇ ਨੂੰ।"
"ਹੂੰ ਜੰਗਲੀ ਹਨ ਨਿਰੇ।" ਸਾਰਜੰਟ ਸਕਾਟ ਨੇ ਉਤਰ ਦਿਤਾ।
"ਤੇ ਅਸੀਂ ਇਨ੍ਹਾਂ ਨੂੰ ਤਹਿਜ਼ੀਬ ਸਿਖਾ ਰਹੇ ਹਾਂ।"
"ਨਹੀਂ ਜਨਾਬ ਗੋੜ ਕੇ ਜ਼ਹਿਰ ਖਵਾ ਰਹੇ ਹਾਂ।" ਸਾਰਜੰਟ ਸਕਾਟ ਨੇ ਕਿਹਾ।
"ਜ਼ਹਿਰ ਤੇ ਤਹਿਜ਼ੀਬ। ਹਾ ਹਾ ਹਾ। ਸਾਰਜੰਟ ਮੇਜਰ ਨੇ ਇਕ ਖਰਵਾ ਜਿਹਾ ਹਾਸਾ ਉਗਲਦਿਆਂ ਹੋਇਆਂ ਕਿਹਾ। "ਜ਼ਹਿਰ ਤੇ ਤਹਿਜ਼ੀਬ। ਅਛਾ, ਜੋੜ ਹੈ। ਵੈਸੇ ਮੇਰਾ ਜ਼ਾਤੀ ਖ਼ਿਆਲ ਹੈ ਇਨ੍ਹਾਂ ਨੂੰ ਤਹਿਜ਼ੀਬ ਕਦੀ ਵੀ ਨਹੀਂ ਆ ਸਕਦੀ। ਘਟੋ ਘਟ ਆਣ ਵਾਲੀਆਂ ਪੰਜ ਸਦੀਆਂ ਤੀਕ। ਹਾਂ ਅਲਬੱਤਾ ਸਾਡੇ ਨਾਲ ਰਹਿ ਕੇ ਅਛੇ ਨੌਕਰ ਜ਼ਰੂਰ ਬਣ ਸਕਦੇ ਹਨ।

੯੨.

ਵਰ ਤੇ ਸਰਾਪ