ਪੰਨਾ:ਵਸੀਅਤ ਨਾਮਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਵੇ ਤਾਂ ਕੰਮ ਚਲ ਹੀ ਸਕਦਾ ਹੈ ਪਰ ਬਿਨਾ ਪਾਣੀ ਦੇ ਕੰਮ ਚਲਣਾ ਬਹੁਤ ਮੁਸ਼ਕਲ ਹੇ, ਏਸੇ ਲਈ ਏਨੀ ਬਿਪਤਾ ਵਿਚ ਵੀ ਰਾਣੀ ਪਾਣੀ ਲੈਣ ਲਈ ਤਲਾ ਤੇ ਆਈ ਹੈ। ਹੇਠਾਂ ਜਾ ਕੇ ਰਾਣੀ ਨੇ ਨਹੋਣ ਲਈ ਤਲਾ ਵਿਚ ਪੈਰ ਰਖਿਆ। ਗੁਬਿੰਦ ਲਾਲ ਉਥੇ ਬੈਠ ਰਹਿਣਾ ਠੀਕ ਨ ਸਮਝ ਕੇ ਜਰਾ ਪਰੇ ਹੋ ਗਿਆ।

ਬਹੁਤ ਦੇਰ ਤਕ ਗੁਬਿੰਦ ਲਾਲ ਇਧਰ ਉਧਰ ਟੈਹਲਦਾ ਰਿਹਾ। ਅਖੀਰ ਉਸ ਨੇ ਸੋਚਿਆ ਹੁਣ ਰਾਣੀ ਚਲੀ ਗਈ ਹੋਵੇਗੀ। ਇਹ ਸੋਚ ਉਹ ਫਿਰ ਉਸ ਚਬੂਤਰੇ ਦੇ ਥਲੇ ਆ ਕੇ ਬੈਠ ਗਿਆ ਅਰ ਤਲਾ ਦੀ ਸ਼ੋਭਾ ਦੇਖਣ ਲਗਾ। ਉਸ ਨੇ ਦੇਖਿਆ ਰਾਣੀ ਜਾਂ ਕੋਈ ਇਸਤਰੀ ਪੁਰਸ਼ ਓਥੇ ਨਹੀਂ ਹੈ, ਸਿਰਫ ਇਕ ਘੜਾ ਪਾਣੀ ਉਤੇ ਤਰ ਰਿਹਾ ਹੈ।

ਕਿਸਦਾ ਘੜਾ ਏ? ਅਚਾਨਕ ਉਸਨੂੰ ਸੰਦੇਹ ਹੋਇਆ। ਕੀ ਕੋਈ ਪਾਣੀ ਲੈਣ ਆਇਆ ਡੁਬ ਤੇ ਨਹੀਂ ਗਿਆ। ਹੁਣੇ ਹੁਣੇ ਤੇ ਰਾਣੀ ਹੀ ਪਾਣੀ ਲੈਣ ਆਈ ਸੀ। ਤਦ ਇਕ ਦਮ ਗੁਬਿੰਦ ਨੂੰ ਰਜਨੀ ਦੀ ਗਲ ਯਾਦ ਆਈ, ਜਦ ਉਸ ਨੇ ਰਾਣੀ ਨੂੰ ਕਹਿਲਾ ਭੇਜਿਆ ਸੀ ਕਿ ਬਾਰੂਨੀ ਤਲਾ ਤੇ ਸ਼ਾਮ ਨੂੰ ਗਲ ਨਾਲ ਘੜਾ ਬੰਨ੍ਹ ਕੇ.........ਅਰ ਇਹ ਵੀ ਯਾਦ ਆਇਆ ਕਿ ਰਾਣੀ ਨੇ ਕਹਿਲਾ ਭੇਜਿਆ ਸੀ, "ਬਹੁਤ ਅਛਾ!"

ਗੁਬਿੰਦ ਲਾਲ ਉਸੇ ਵੇਲੇ ਤਲਾ ਦੀ ਹੇਠਲੀ ਪੌੜੀ ਤੇ ਜਾ ਕੇ ਚਾਰੇ ਪਾਸੇ ਦੇਖਣ ਲਗਾ। ਪਾਣੀ ਸ਼ੀਸ਼ੇ ਵਾਂਗ ਸਾਫ ਸੀ। ਇਥੋਂ ਤਕ ਕਿ ਪਾਣੀ ਦੇ ਵਿਚੋਂ ਤਲਾ ਦੇ ਹੇਠਲੀ ਜ਼ਮੀਨ ਵੀ ਸਾਫ ਦਿਸਦੀ ਸੀ। ਉਸ ਨੇ ਦੇਖਿਆ ਪੱਥਰ ਦੀ ਮੂਰਤੀ ਵਾਂਗ ਰਾਣੀ ਅਡੋਲ ਪਾਣੀ ਦੇ ਥਲੇ ਜ਼ਮੀਨ ਤੇ ਪਈ ਹੋਈ ਪਾਣੀ ਦੀ ਸ਼ੋਭਾ ਵਧਾ ਰਹੀ ਏ।


੭੦