ਆਈ, ਅਰ ਅਖੀਰ ਗਲ ਬਾਤ ਵੀ ਕਰਣ ਲਗੀ। ਰਾਣੀ ਨੇ ਕਿਹਾ-ਮੈਂ ਤੇ ਮਰ ਗਈ ਸਾਂ, ਕਿਸ ਨੇ ਮੈਨੂੰ ਬਚਾਇਆ ਏ?
ਗੁਬਿੰਦ ਲਾਲ ਨੇ ਕਿਹਾ-ਕਿਸੇ ਨੇ ਵੀ ਬਚਾਇਆ, ਤੂੰ ਬਚ ਗਈ ਇਹ ਬਹੁਤ ਵਡੀ ਗਲ ਹੈ।
ਰਾਣੀ-ਮੈਨੂੰ ਕਿਉਂ ਬਚਾਇਆ? ਤੁਹਾਡੇ ਨਾਲ ਮੇਰੀ ਕੇਹੜੇ ਜਮਾਨੇ ਦੀ ਦੁਸ਼ਮਨੀ ਸੀ ਜ ਤੁਸਾਂ ਮੈਨੂੰ ਮਰਨ ਵੀ ਨਾ ਦਿਤਾ?
ਗੁਬਿਦ-ਤੂੰ ਮਰੇਂਗੀ ਕਿਉਂ?
ਰਾਣੀ-ਕਿਉਂ, ਮਰਣ ਦਾ ਵੀ ਮੇਰਾ ਅਧਿਕਾਰ ਨਹੀਂ ਹੈ?
ਗੁਬਿਦ-ਪਾਪ ਵਿਚ ਕਿਸੇ ਦਾ ਵੀ ਅਧਿਕਾਰ ਨਹੀਂ ਹੈ। ਅਰ ਆਤਮ ਹਤਿਆ ਪਾਪ ਹੈ।
ਰਾਣੀ-ਮੈਂ ਪਾਪ ਪੁਣ ਨਹੀਂ ਜਾਣਦੀ, ਇਹ ਮੈਨੂੰ ਕਿਸੇ ਨਹੀਂ ਸਿਖਾਇਆ। ਮੈਂ ਪਾਪ ਪੁਣ ਨੂੰ ਜਾਣਦੀ ਹੀ ਨਹੀਂ। ਕਿਸ ਪਾਪ ਦੇ ਲਈ ਮੈਂ ਇਹ ਦੰਡ ਭੁਗਤ ਰਹੀ ਹਾਂ? ਜਦ ਪਾਪ ਨ ਕਰਨ ਤੇ ਵੀ ਮੈਂ ਏਨਾ ਦੁਖ ਪਾ ਰਹੀ ਹਾਂ ਤਾਂ ਪਾਪ ਕਰਨ ਤੇ ਖਵਰੇ ਕੀ ਹੋਵੇਗਾ। ਮੈਂ ਮਰਾਂਗੀ। ਇਸ ਵਾਰ ਤੁਹਾਡੀਆਂ ਅਖਾਂ ਸਾਮਨੇ ਆ ਕੇ ਮੈਂ ਬਚ ਗਈ ਹਾਂ, ਪਰ ਹੁਣ ਉਹ ਉਪਾ ਕਰਾਂਗੀ ਜਿਸ ਨਾਲ ਤੁਸੀਂ ਮੇਰਾ ਮਰਨਾ ਨ ਦਖ ਸਕੋਗੇ।
ਗੁਬਿਦ ਲਾਲ ਨੇ ਦੁਖੀ ਹੋ ਕੇ ਕਿਹਾ-ਪਰ ਤੂੰ ਮਰੇਂਗੀ ਕਿਉਂ?
ਰਾਣੀ-ਬਹੁਤ ਦਿਨਾਂ ਤਕ ਘੜੀ, ਘੜੀ, ਛਿਣ, ਛਿਣ, ਰਾਤ ਦਿਨ ਮੌਤ ਦੀ ਜਿੰਦਗੀ ਤੋਂ ਮਰਨਾ ਹੀ ਚੰਗਾ ਹੈ।
ਗੁਬਿੰਦ-ਕਿਸ ਲਈ ਏਨਾ ਦੁਖ ਹੈ ਤੈਨੂੰ?
ਰਾਣੀ-ਰਾਤ ਦਿਨ ਭੀਸ਼ਣ ਪਿਆਸ ਨਾਲ ਹਿਰਦਾ ਬਲ ਰਿਹਾ ਹੈ, ਸਾਮਨੇ ਠੰਡਾ ਜਲ ਹੈ ਪਰ ਉਸਨੂੰ ਮੈਂ ਜਨਮ ਭਰ ਨਹੀਂ ਛੋਹ ਸਕਦੀ ਅਰ ਨ ਛੋਣ ਦੀ ਆਸ਼ਾ ਹੀ ਹੈ।
ਤਦ ਗੁਬਿੰਦ ਲਾਲ ਨੇ ਕਿਹਾ-ਇਨ੍ਹਾਂ ਸਾਰੀਆਂ ਗਲਾਂ ਦੀ ਕੋਈ ਜਰੂਰਤ ਨਹੀਂ, ਚਲ ਤੈਨੂੰ ਘਰ ਛੱਡ ਆਵਾਂ।