ਪੰਨਾ:ਵਿਚਕਾਰਲੀ ਭੈਣ.pdf/137

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੩੯)

ਸ਼ੇਖਰ ਸੋਚ ਰਿਹਾ ਸੀ ਕੀ ਕੀਤਾ ਜਾਏ। ਉਹਦਾ ਉਸ ਦਿਨ ਦਾ ਉਹ ਮਖੌਲ ਜਿਹਾ ਇਹ ਸ਼ਕਲ ਫੜ ਲਏਗਾ ਤੇ ਲਲਿਤਾ ਸਚ ਮੁੱਚ ਹੀ ਸਮਝ ਲਏਗੀ ਕਿ ਉਸ ਦਾ ਵਿਆਹ ਹੋ ਚੁਕਾ ਹੈ, ਉਸ ਨੂੰ ਇਸ ਦੀ ਬਿਲਕੁਲ ਆਸ ਨਹੀਂ ਸੀ। ਲਲਿਤਾ ਸਮਝ ਲਏਗੀ ਕਿ ਕਿਸੇ ਸਬੰਧ ਨਾਲ ਵੀ ਇਸ ਤਰ੍ਹਾਂ ਦੇ ਵਿਆਹ ਵਿਚ ਫਰਕ ਨਹੀਂ ਪੈ ਸਕਦਾ, ਇਹ ਸਾਰੀਆਂ ਗੱਲਾਂ ਸ਼ੇਖਰ ਨੇ ਪਹਿਲਾਂ ਨਹੀਂ ਸਨ ਸੋਚੀਆਂ। ਇਹ ਵੀ ਉਹ ਆਪਣੇ ਮੂੰਹੋਂ ਕਹਿ ਚੁਕਾ ਸੀ ਕਿ 'ਜੋ ਹੋਣਾ ਹੈ ਹੋ ਚੁਕਾ, ਹੁਣ ਤਾਂ ਨਾ ਤੂੰ ਹੀ ਪਲਾ ਛੁਡਾ ਸਕਦੀ ਏ ਤੇ ਨਾ ਮੈਂ ਹੀ ਛੱਡ ਸਕਦਾ ਹਾਂ।' ਪਰ ਅੱਜ ਜਿਦਾਂ ਉਹ ਵਿਚਾਰ ਕੇ ਵੇਖ ਰਿਹਾ ਹੈ ਨਾ ਤਾਂ ਉਸ ਦਿਨ ਉਸ ਵਿਚ ਐਨੀ ਵਿਚਾਰਨ ਦੀ ਸ਼ਕਤੀ ਹੀ ਸੀ ਤੇ ਨਾ ਹੀ ਹੌਂਸਲਾ।

ਉਸ ਵੇਲੇ ਸਿਰ ਤੇ ਚੰਦ ਦੀ ਚਾਨਣੀ ਤੇ ਠੰਡੀ ਰਾਤ ਸੀ। ਸਭ ਪਾਸੇ ਅਨੰਦ ਹੀ ਅਨੰਦ ਖਿੜਿਆ ਹੋਇਆ ਸੀ। ਗਲ ਵਿਚ ਫੁਲਾਂ ਦੀ ਮਾਲਾ ਪਿਆਰੀ ਦਾ ਕੋਮਲ ਮੁਖੜਾ ਆਪਣੀ ਛਾਤੀ ਤੇ ਰੱਖ ਕੇ ਉਸ ਦੀਆਂ ਬੁਲ੍ਹੀਆਂ ਦੀ ਛੋਹ ਦਾ ਨਸ਼ਾ, ਜਿਹਨੂੰ ਸ਼ੰੰਗਾਰ ਰਸ ਵਾਲਿਆਂ ‘ਅੰਮਿਤ' ਆਖਿਆ ਹੈ, ਪੀਕੇ ਉਹ ਮਸਤ ਹੋ ਰਿਹਾ ਸੀ। ਉਸ ਵੇਲੇ ਆਪਣੀਆਂ ਓੜਾਂ ਥੋੜਾਂ ਜਾਂ ਭਲਾਈ ਬੁਰਾਈ ਦਾ ਕੋਈ ਖਿਆਲ ਨਹੀਂ ਸੀ। ਨਾ ਆਪਣੇ ਪੈਸੇ ਦੇ ਪੁਤ੍ਰ ਪਿਓ ਦੀ ਭੈੜੀ ਸ਼ਕਲ ਹੀ ਅੱਖਾਂ ਅਗੇ ਆਈ ਸੀ, ਸੋਚਿਆ ਸੀ ਕਿ ਮਾਂ ਤਾਂ ਲਲਿਤਾ ਨੂੰ ਪਿਆਰ ਕਰਦੀ ਹੈ, ਉਹਨੂੰ ਮਨਾ ਲੈਣ ਵਿਚ ਕੋਈ ਔਖਿਆਈ ਨਹੀਂ ਆਉਣ ਲਗੀ। ਪਿਤਾ ਜੀ ਨੂੰ ਮਾਂ ਦੀ