ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਲੇ ਮੇਰੇ ਜਤਨ ਦੇ ਰਸਤੇ ਨੂੰ ਛੱਡ ਦੇਹ, ਅਦਲਾ ਬਦਲੀ ਕਰ ਲੈ।' ਇਹ ਕਹਿ ਹਟੀ ਤਾਂ ਇਸਦੇ ਉਪਰਾਲੇ ਦਾ ਰਸਤਾ ਸਾਫ ਹੋ ਗਿਆ ਅਰ ਜੋ ਕੁਝ ਦਿਨੇ ਉੱਠਕੇ ਕਰਨਾ ਚਾਹੀਏ, ਐਸ ਤਰ੍ਹਾਂ ਉਸ ਨੇ ਮਿਥ ਲਿਆ ਜਿੱਕੁਰ ਕੋਈ ਨਕਸ਼ਾ ਖਿੱਚ ਲਈਦਾ ਹੈ।

ਸਵੇਰੇ ਉਠੀ ਅਰ ਸੁਆਣੀ ਪਾਸ ਗਈ। ਉਸਨੂੰ ਉਠਾਲਿਆ, ਕਪੜੇ ਪਵਾਏ, ਉਪਦੇਸ਼ ਦੇ ਕੇ ਧੀਰਜ ਬਨ੍ਹਵਾਇਆ ਅਰ ਇਹ ਅਕਲ ਦੇ ਕੇ ਬੇਗ਼ਮ ਵਲ ਘੱਲਿਆ ਕਿ ਜੇਕਰ ਤੇਰੇ ਮਾਲਕ ਦੀ ਜਾਨ ਬਖਸ਼ੀ ਨਾ ਹੋਵੇ ਤਦ ਬੇਗ਼ਮ ਨੂੰ ਕਹੀਂ ਕਿ ਇਤਨੀ ਆਗ੍ਯਾ ਤਾਂ ਤੈਨੂੰ ਲੈ ਦੇਵੇ ਕਿ ਇਕ ਵੇਰੀ ਤੂੰ ਪਤੀ ਨੂੰ ਉਸਦੇ ਮਰਨ ਤੋਂ ਪਹਿਲੇ ਮਿਲ ਸਕੇਂ। ਇਹ ਗਲ ਬੇਗ਼ਮ ਨੂੰ ਜਿਵੇਂ ਬਣ ਪਵੇ ਤਿਵੇਂ ਮਨਾਵੀਂ, ਮੈਨੂੰ ਪੱਕਾ ਨਿਸ਼ਚਾ ਹੈ ਕਿ ਅਮੀਰ ਸਾਹਿਬ ਏਸ ਗਲ ਨੂੰ ਜ਼ਰੂਰ ਮੰਨ ਲੈਣਗੇ। ਟੁੱਟੇ ਦਿਲ, ਪਰ ਔੜ ਮਾਰੀ ਪਰਜਾ ਦੀ ਉਸ ਦਸ਼ਾ ਵਾਂਙ ਜੋ ਬਰਸਾਤ ਦੇ ਅੰਤ ਤਕ ਆਸ ਬੰਨ੍ਹੀ ਰਖਦੀ ਹੈ ਕਿ ਖ਼ਬਰੇ ਹੁਣ ਬੀ ਮੀਂਹ ਪੈ ਜਾਏ, ਫਾਤਮਾ ਦਿਲ ਨੂੰ ਦਿਲਬਰੀਆਂ ਦਿੰਦੀ ਡੋਲੀ ਵਿਚ ਬੈਠਕੇ ਤੁਰੀ ਅਰ ਅਮੀਰ ਦੇ ਘਰ ਪਹੁੰਚੀ। ਅਗੋਂ ਬੇਗ਼ਮ ਨੇ ਆਦਰ ਨਾਲ ਬਿਠਾਇਆ, ਸੁੱਖ ਪੁੱਛੀ, ਫਾਤਮਾ ਨੇ ਅਦਬ ਨਾਲ ਉਤਰ ਦਿੱਤੇ, ਪਰ ਜਦ ਮਤਲਬ ਦੀ ਗਲ ਛਿੜੀ ਤਦ ਬੇਗ਼ਮ ਨੇ ਸਿਰ ਫੇਰਕੇ ਕਿਹਾ ਕਿ ਬੀਬੀਏ! ਜਿੰਨਾਂ ਜ਼ੋਰ ਮੇਰੇ ਵਿਚ ਸੀ ਮੈਂ ਲਾ ਥੱਕੀ ਹਾਂ, ਪਰ ਅਮੀਰ ਸਾਹਿਬ ਇਕ ਨਹੀਂ ਮੰਨਦੇ। ਕਹਿੰਦੇ ਹਨ ਕਿ ਤੇਰੇ ਪਤੀ ਦਾ ਕਤਲ ਹੋਣਾ ਜ਼ਰੂਰੀ ਹੈ, ਇਸ ਲਈ ਕੁਝ ਪੇਸ਼ ਨਹੀਂ ਜਾਂਦੀ। ਫਾਤਮਾ ਸੁਣਦੀ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਥੋੜ੍ਹੀ ਬਹੁਤ ਆਸਾ ਜੋ ਕੁਝ ਸੀ ਸਭ ਟੁੱਟ ਗਈ ਅਰ ਡੋਬ ਪੈਣ ਲਗਾ ਸੀ ਕਿ ਫੇਰ ਸਮਾਂ ਵਿਚਾਰ ਕੇ ਫਾਤਮਾ ਸੰਭਲੀ ਤੇ ਦੂਸਰੀ ਬੇਨਤੀ ਕੀਤੀ, ਉਹ ਬੇਗ਼ਮ ਨੇ ਕਿਹਾ ਕਿ ਮੈਂ ਜ਼ਰੂਰ ਮਨਾ

-੧੧-