ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਨੂੰ ਲੱਭਾ ਹੈ ਪਿਤਾ ਜੀ ਦੀ ਕਿਰਪਾ ਕਰਕੇ, ਕਿਸੇ ਮੇਰੇ ਗੁਣ ਕਰਕੇ ਨਹੀਂ। ਹਾਂ ਇਕ ਦਿਨ ਮੈਂ ਪਿਤਾ ਜੀ ਨੂੰ ਇਹ ਕਹਿੰਦੇ ਸੁਣਿਆਂ ਸੀ ਕਿ ਸਤਵੰਤ ਕੌਰ! ਮੈਂ ਤੈਨੂੰ ਦੇਖਕੇ ਕਰਤਾਰ ਦਾ ਸ਼ੁਕਰ ਕਰਦਾ ਹਾਂ। ਅਰ ਬੜਾ ਆਨੰਦ ਹੁੰਦਾ ਹਾਂ। ਉਸ ਦਿਨ ਇਹ ਗਲ ਹੋਈ ਸੀ ਕਿ ਮੈਂ ਵਰ੍ਹਾ ਦਿਨ ਲਾਕੇ ਇਕ ਪੋਥੀ ਪੰਜ ਗ੍ਰੰਥੀ ਦੀ ਹੱਥੀਂ ਲਿਖੀ ਸੀ, ਉਹ ਪੋਥੀ ਇਕ ਲੋੜਵੰਦ ਵਿਧਵਾ ਨੇ ਮੈਥੋਂ ਮੰਗੀ, ਮੈਂ ਉਸਨੂੰ ਤਰਸ ਕਰਕੇ ਦੇ ਦਿੱਤੀ। ਇਹ ਗੱਲ ਸੁਣਕੇ ਪਿਤਾ ਜੀ ਬੜੇ ਪ੍ਰਸੰਨ ਹੋਏ ਸਨ। ਸਾਡੇ ਧਰਮ ਵਿਚ ਪੋਥੀ ਕਿਸੇ ਨੂੰ ਦੇਣੀ ਬੜਾ ਭਾਰਾ ਪੁੰਨ ਹੈ, ਪਰ ਮੈਨੂੰ ਏਸ ਗੱਲ ਦੀ ਖ਼ਬਰ ਬੀ ਪਿਛੋਂ ਲੱਗੀ ਸੀ।

ਫਾਤਮਾ—ਬੀਬੀ! ਮੈਂ ਹੁਣ ਸਮਝੀ ਕਿ ਤੇਰਾ ਹੌਸਲਾ ਕਿਉਂ ਹਰ ਦੁਖ ਸੁਖ ਵਿਚ ਤੈਨੂੰ ਹਾਰ ਨਹੀਂ ਦੇਂਦਾ ਅਰ ਕਿਉਂ ਤੂੰ ਦੁਖੀ ਹੋ ਹੋ ਕੇ ਬੀ ਸਦਾ ਪ੍ਰਸੰਨ ਹੋ ਹੋ ਜਾਂਦੀ ਹੈ ਅਰ ਇਕੱਲੀ ਬੀ ਨਹੀਂ ਘਾਬਰਦੀ। ਪਰ ਕੀ ਮੈਂ ਇਹ ਗਲ ਕਹਿ ਸਕਦੀ ਹਾਂ ਕਿ ਤੁਸੀਂ ਮੈਨੂੰ ਬੀ ਇਸ ਸੁਖ ਦਾ ਭਾਗੀ ਕਰ ਲਓ?

ਸਤਵੰਤ ਕੌਰ—ਮੈਨੂੰ ਆਪ ਤੋਂ ਕਿਸੇ ਗੱਲ ਦਾ ਲੁਕਾਉ ਨਹੀਂ, ਜੇਕਰ ਆਪਦੀ ਆਤਮਾ ਨੂੰ ਠੰਢ ਪਹੁੰਚ ਸਕੇ ਤਦ ਮੈਂ ਹਾਜ਼ਰ ਹਾਂ, ਪਰ ਇਹ ਗਲ ਹੈ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਵੋ।

ਫਾਤਮਾ—ਜਿੱਕੁਰ ਕਹੋ।

ਸਤਵੰਤ ਕੌਰ—ਐਉਂ ਕਰ ਕਿ ਹਰ ਰੋਜ਼ ਇਕ ਤੁਕ ਬਾਣੀ ਦੀ ਮੈਥੋਂ ਸੁਣ ਲਿਆ ਕਰੋ ਅਰ ਅਰਥ ਸਮਝ ਲਿਆ ਕਰੋ। ਫੇਰ ਪਿਆਰੀ ਲੱਗੇ ਤਾਂ ਯਾਦ ਕਰ ਲਿਆ ਕਰੋ ਤੇ ਨਾਲੇ ਜੋ ਜੋ ਊਣਾਂ ਤੇ ਔਗੁਣ ਤੁਹਾਨੂੰ ਅਪਣੇ ਵਿਚ ਦਿੱਸਣ ਉਨ੍ਹਾਂ ਨੂੰ ਕੱਢਣੇ ਦਾ ਜਤਨ ਕਰੋ ਅਰ ਐਸਾ ਸੁਭਾਉ ਬਣਾਓ ਕਿ ਜੋ ਦੂਸਰੇ ਨੂੰ ਦੁੱਖ ਦਾਤਾ ਨਾ ਹੋਵੇ।

-32-