ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਜਾ—ਕੀ ਦੱਸਾਂ ਕੁਝ ਵਾਹ ਨਹੀਂ ਚਲਦੀ!

ਪਹਿਲਾ—ਅੱਛਾ ਤੁਸੀਂ ਚਾਰ ਦਿਨ ਮੇਰੇ ਕੋਲ ਚੱਲ ਰਹੋ।

ਦੂਜਾ—ਇਹ ਪਿਤਾ ਜੀ ਨਹੀਂ ਮੰਨਦੇ, ਓਹ ਡਰਦੇ ਹਨ, ਰਾਤੀਂ ਕਹਿੰਦੇ ਸਨ ਕਿ ਪੰਜਾਬ ਵਿਚੋਂ ਸਿੱਖਾਂ ਦੇ ਰਾਮ ਰੌਲੇ ਦੀ ਖਬਰ ਆਈ ਹੈ ਅਰ ਅਮੀਰ ਬੜਾ ਤਪ ਰਿਹਾ ਹੈ, ਆਸ ਤਾਂ ਨਹੀਂ, ਪਰ ਖਬਰੇ ਐਥੋਂ ਦੇ ਸਿਖਾਂ ਪਰ ਬੀ ਕੁਝ ਕਹਿਰ ਉਤਰ ਪਵੇ, ਇਸ ਕਰਕੇ ਲੁਕ ਕੇ ਗੁਜ਼ਾਰਾ ਕਰਨਾ ਚਾਹੀਏ।

ਪਹਿਲਾ—ਹੱਛਾ ਫੇਰ, ਭੁੱਖ ਹੋਟੇ ਪ੍ਰਾਣ ਦੇ ਛੱਡਾਂਗੇ।

ਇਨ੍ਹਾਂ ਦੀਆ ਗੱਲਾਂ ਇਕ ਨੱਢਾ ਸੁਣ ਰਿਹਾ ਸੀ, ਉਹ ਹਥ ਜੋੜਕੇ ਅੱਗੇ ਆ ਖੜਤਾ ਅਰ ਬੋਲਿਆ ਕਿ ਮੈਂ ਅਣਬੁਲਾਇਆ ਬੋਲਦਾ ਹਾਂ, ਪਰ ਤੁਹਾਡੇ ਲਾਭ ਲਈ। ਤੁਸੀਂ ਪੰਜ ਗ੍ਰੰਥੀ ਪੋਥੀ ਮੰਗਦੇ ਹੋ, ਤੁਹਾਨੂੰ ਪਾਠ ਦਾ ਰਸ ਪੈ ਗਿਆ ਹੈ ਤੇ ਇਹ ਦੇ ਨਹੀਂ ਸਕਦੇ। ਤੁਸਾਂ ਇਕ ਭੁੱਲ ਕੀਤੀ ਹੈ, ਜੇ ਕਦੀ ਜਪੁਜੀ ਹੀ ਕੰਠ ਕਰ ਲੈਂਦੇ ਤਾਂ ਬੀ ਪਾਠ ਦੀ ਬਹਾਰ ਤਾਂ ਲਗੀ ਰਹਿੰਦੀ, ਹੁਣ ਜੇ ਤੁਸੀਂ ਮੇਰੀ ਗੱਲ ਪਰਵਾਨ ਕਰੋ ਤਾਂ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ। ਕਾਗਤ ਕਲਮ ਦਵਾਤ ਲਿਆ ਦਿਓ ਤਾਂ ਮੈਂ ਤੁਹਾਨੂੰ ਹੱਥੀਂ ਲਿਖ ਦਿਆਂਗਾ। ਜਪੁਜੀ ਸਾਹਿਬ, ਹਜ਼ਾਰੇ ਦੇ ਸ਼ਬਦ, ਰਹਰਾਸ, ਸੋਹਿਲਾ, ਸੁਖਮਨੀ ਤੇ ਆਸਾ ਦੀ ਵਾਰ ਮੇਰੇ ਕੰਠ ਹਨ, ਬਾਕੀ ਬਾਣੀਆਂ ਨਹੀਂ। ਜੇ ਇੰਨੀਆਂ ਬਾਣੀਆਂ ਚਾਹੋ ਤਦ ਮੈਂ ਤੁਹਾਨੂੰ ਪੋਥੀ ਲਿਖਕੇ ਦੇ ਸਕਦਾ ਹਾਂ।

ਇਹ ਖੁਸ਼ੀ ਦੀ ਖਬਰ ਸੁਣਕੇ ਦੋਹਾਂ ਨੇ ਚਰਨ ਫੜ ਲਏ ਅਰ ਚਾਉ ਨਾਲ ਬਿਹਬਲ ਹੋਕੇ ਬੋਲੇ:—ਧੰਨ ਜਨਮ, ਧੰਨ ਜਨਮ! ਕੋਈ ਸ਼ਹੀਦ ਸਿੰਘ ਆ ਬਹੁੜੇ,ਧੰਨ ਜਨਮ, ਧੰਨ ਜਨਮ, ਵਾਰਨੇ ਥੀਂ ਵੰਞਾਂ, ਕੁਰਬਾਨ ਥੀ ਵੰਞਾਂ।

ਨੱਢਾ—ਮੇਰੇ ਪੈਰ ਨਾ ਫੜੋ, ਮੈਂ ਸ਼ਹੀਦ ਨਹੀਂ, ਤੁਹਾਡਾ ਹੀ ਸਿਖ ਭਰਾ ਸਾਧ ਸੰਗਤ ਦਾ ਸੇਵਕ ਹਾਂ।

-47-