ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੈਠੀ ਨੂੰ ਦੇਖਕੇ ਕੁਝ ਬੋਲੀ, ਪਰ ਸਤਵੰਤ ਨੇ ਨਾ ਸਮਝਿਆ ਅਰ ਸਤਵੰਤ ਨੇ ਕਿਹਾ ਕਿ ਨੌਕਰ ਤੇਰੇ ਹੁਣ ਸਮਝ ਤਾਂ ਗਏ ਹਨ ਕਿ ਬਾਹਰ ਡਾਕੂ ਹਨ, ਉਨ੍ਹਾਂ ਨੂੰ ਕਹੁ ਦੂਜੇ ਪਾਸੇ ਬਵਰਚੀ ਖਾਨੇ ਦੇ ਝਰੋਖੇ ਵਿਚੋਂ ਦੋ ਚਾਰ ਤੀਰ ਚਲਾ ਦੇਣ ਤੀਰ ਕਮਾਨ ਐਥੋਂ ਲੈ ਜਾਹ। ਗੱਲ ਕੀ ਥਿਬਕਦੀ ਪਰ ਕਾਹਲੀ ਕਾਹਲੀ ਫਾਤਮਾ ਨੇ ਇਹੋ ਕੀਤਾ। ਉਧਰ ਸਤਵੰਤ ਨੇ ਬਾਕੀ ਚਾਰ ਬਦੂਕਾਂ ਉਪਰੋਥਲੀ ਸਰ ਕਰ ਦਿੱਤੀਆਂ। ਉਹ ਉਨ੍ਹਾਂ ਦੇ ਵਿਚ ਪਈਆਂ ਅਰ ਚੌਹਾਂ ਨੂੰ ਜ਼ਖਮੀ ਕਰ ਗਈਆਂ, ਉਧਰੋਂ ਦੂਜੇ ਪਾਸਿਓਂ ਪੰਜ ਚਾਰ ਤੀਰ ਕੋਈ ਬੇਨਿਸ਼ਾਨੇ ਤੇ ਕੋਈ ਨਿਸ਼ਾਨੇ ਆ ਡਿਗੇ। ਇਸ ਤੋਂ ਡਾਕੂ ਸਮਝ ਗਏ ਕਿ ਅੰਦਰ ਦਸ ਵੀਹ ਆਦਮੀ ਹਨ, ਇਕ ਦੋਂਹ ਦਾ ਕੰਮ ਨਹੀਂ, ਕਿਉਂਕਿ ਉਸ ਸਮੇਂ ਬੰਦੂਕ ਭਰਨੀ ਤੇ ਛੇਤੀ ਛੇਤੀ ਚਲਾਉਣੀ ਕਠਨ ਹੁੰਦੀ ਸੀ। ਨਾਲੇ ਦੋ ਰੁਖ਼ਾਂ ਤੋਂ ਦੋ ਮਾਰਾਂ ਪਈਆਂ ਇਹ ਦੇਖਕੇ ਸੱਟਾਂ ਪੇਟਾਂ ਖਾਂਦੇ ਉੱਠ ਨੱਸੇ।

ਹੁਣ ਜਦ ਸਤਵੰਤ ਕੌਰ ਨੇ ਡਾਕੂਆਂ ਨੂੰ ਨਸਾ ਦਿੱਤਾ ਅਰ ਘਰ ਉਨ੍ਹਾਂ ਤੋਂ ਬਚਾ ਲਿਆ ਤਦ ਉਸਨੂੰ ਅਪਣੇ ਬਚਾਉ ਦਾ ਖਿਆਲ ਆਇਆ। ਅਪਣੀ ਦੱਸੀ ਹੋਈ ਸੈਨਤ ਨਾਲ ਉਸ ਨੇ ਫਾਤਮਾ ਨੂੰ ਸੱਦਿਆ ਅਰ ਕਿਹਾ ਕਿ ਹੁਣ ਤੇਰੇ ਘਰ ਰੌਲਾ ਪੈਣ ਵਾਲਾ ਹੈ ਇਸ ਨੂੰ ਹੁਣ ਤੂੰ ਅਪ ਨਜਿੱਠਣਾ ਹੋਵੇਗਾ। ਮੈਂ ਤੇਰੀ ਉਸੇ ਗੁਪਤ ਕੁਟੀਆ ਵਿਚ ਜਾਂਦੀ ਹਾਂ। ਦਿਨ ਬੀ ਆ ਰਿਹਾ ਹੈ, ਇਕ ਆਦਮੀ ਕੁਤਵਾਲੀ ਭੇਜ ਤੇ ਜਦ ਸਿਪਾਹੀ ਆ ਜਾਣ ਤਦ ਇਕ ਆਦਮੀ ਨੂੰ ਖ਼ਾਂ ਸਾਹਿਬ ਦੇ ਮਗਰ ਭੇਜ ਦੇਈਂ। ਇਸ ਗਲ ਦਾ ਨਾਂ ਨਾ ਲਵੀਂ ਕਿ ਅਸੀਂ ਅੰਦਰ ਕੀ ਕੀਤਾ ਹੈ, ਨਾ ਹਸਨਾ ਦਾ ਨਾਮ ਲਵੀਂ, ਉਸਨੂੰ ਜਦ ਤੇਰਾ ਪਤੀ ਆ ਜਾਵੇ ਤਾਂ ਨਜਿੱਠ ਲੈਣਾ। ਜੇ ਕੁਝ ਹੋਰ ਗੱਲ ਪੁੱਛਣੀ ਹੋਈ ਤਾਂ ਆ ਜਾਵੀਂ। ਹੁਣ ਛੇਤੀ ਨਾਲ ਹਥ੍ਯਾਰ ਆਪੋ ਆਪਣੀ ਥਾਂ ਤੇ ਸਾਂਭੇ ਗਏ ਅਰ ਬੂਹਾ ਦੇਕੇ ਦੋਵੇਂ ਜਣੀਆਂ ਹੇਠ ਉਤਰੀਆਂ।

-63-