ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



9.
ਪੰਜਾਬੀ ਸਭਿਆਚਾਰ
ਨਾਮਕਰਨ, ਭੂਗੋਲਿਕ ਚੌਖਟਾ, ਇਤਿਹਾਸ

ਅੱਜ ਵੀਹਵੀਂ ਸਦੀ ਦੇ ਅਖ਼ੀਰ ਉਤੇ ਪੰਜਾਬੀ ਸਭਿਆਚਾਰ ਦੇ ਨਾਮਕਰਨ ਅਤੇ ਇਸ ਦੇ ਭੂਗੋਲਿਕ ਖਿੱਤੇ ਨੂੰ ਇਕ ਸਮੱਸਿਆ ਵਜੋਂ ਪੇਸ਼ ਕਰਨਾ ਨਾ ਸਿਰਫ਼ ਅਜੀਬ ਹੀ ਲੱਗੇਗਾ, ਸਗੋਂ ਖਟਕੇਗਾ ਵੀ, ਅਤੇ ਕਿਸੇ ਗ਼ੁੱਸੈਲ ਟਿੱਪਣੀ ਨੂੰ ਜਨਮ ਵੀ ਦੇ ਸਕਦਾ ਹੈ। ਅੱਜ ਸਾਨੂੰ ਪਤਾ ਹੈ ਕਿ 'ਪੰਜਾਬ' ਲਫ਼ਜ਼ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ ਅਤੇ ਇਸ ਤੋਂ ਬਣਦਾ ਵਿਸ਼ੇਸ਼ਣ 'ਪੰਜਾਬੀ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ। ਸਾਨੂੰ ਇਹ ਵੀ ਪਤਾ ਹੈ ਕਿ ਪੁਰਾਤਨ ਸੰਸਕ੍ਰਿਤ ਸੋਮਿਆਂ ਵਿਚ ਇਕ ਸ਼ਬਦ 'ਪੰਚਨਦ' ਵੀ ਸੀ, ਜਿਹੜਾ 'ਪੰਜਾਬ' ਦਾ ਹੀ ਪਰਿਆਇਵਾਚੀ ਸੀ, ਅਤੇ ਉਸੇ ਖਿੱਤੇ ਲਈ ਵਰਤਿਆ ਜਾਂਦਾ ਸੀ, ਜਿੱਥੇ ਪੰਜ ਨਦੀਆਂ ਵਹਿੰਦੀਆਂ ਸਨ। ਉਸ ਤੋਂ ਵੀ ਪਹਿਲਾਂ ਸ਼ਬਦ ‘ਸਪਤਸਿੰਧੂ' ਸੀ, ਜਿਹੜਾ ਸਿੰਧ ਅਤੇ ਸਰਸਵਤੀ ਨੂੰ ਮਿਲਾ ਕੇ ਕੁਝ ਵਡੇਰੇ ਖਿੱਤੇ ਦਾ ਸੂਚਕ ਸੀ। ਇਹ ਅੱਜ ਤੋਂ ਕੁਝ (ਤਿੰਨ ਕੁ) ਹਜ਼ਾਰ ਸਾਲ ਪਹਿਲਾ ਵਰਤਿਆ ਜਾਂਦਾ ਸੀ। ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਇਹ ਸ਼ਬਦ ਭੂਗੋਲਿਕ ਇਕਾਈ ਦਾ ਸੂਚਕ ਹੋਣ ਦੇ ਨਾਲ ਨਾਲ ਸਭਿਆਚਾਰਕ ਇਕਾਈ ਵੀ ਸੀ। ਜੇ ਮੰਨ ਲਈਏ ਕਿ ਇਹ ਸਭਿਆਚਾਰਕ ਇਕਾਈ ਵੀ ਸੀ, ਤਾਂ ਫਿਰ ਕੀ ਇਹ ਉਸੇ ਸਭਿਆਚਾਰ ਦੀ ਸੂਚਕ ਸੀ, ਜਿਹੜਾ ਅੱਜ ਪੰਜਾਬੀ ਸਭਿਆਚਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ? ਸਾਡਾ ਹੁਣ ਤੱਕ ਦਾ ਸਿਧਾਂਤਕ ਗਿਆਨ ਇਸ ਗੱਲ ਦਾ ਸੰਕੇਤ ਦੇਂਦਾ ਹੈ ਕਿ ਦੋਹਾਂ ਨੂੰ ਇੱਕੋ ਨਾਂ ਨਾਲ ਬੁਲਾਉਣਾ ਸਮੇਂ ਅਤੇ ਸਮਾਜਕ ਗਤੀ ਨੂੰ ਕਾਠ ਮਾਰਨਾ ਹੋਵੇਗਾ। ਇਸ ਤਰ੍ਹਾਂ ਕਰ ਕੇ ਅਸੀਂ ਇਹ ਮੰਨ ਰਹੇ ਹੋਵਾਂਗੇ ਕਿ ਪਿਛਲੇ ਤਿੰਨ ਹਜ਼ਾਰ ਸਾਲ ਵਿਚ ਪੰਜਾਬੀ ਸਮਾਜ ਵਿਚ ਕੋਈ ਬੁਨਿਆਦੀ ਪਰਿਵਰਤਨ ਨਹੀਂ ਆਏ; ਕਿਉਂਕਿ ਸਮਾਜ ਵਿਚ ਆਏ ਬੁਨਿਆਦੀ ਪਰਿਵਰਤਨ ਸਭਿਆਚਾਰ ਵਿਚ ਵੀ ਬੁਨਿਆਦੀ ਤਬਦੀਲੀਆਂ ਲਿਆਉਣ ਦਾ ਕਾਰਨ ਬਣਦੇ। ਅਤੇ ਦੋ ਬੁਨਿਆਦੀ ਤੌਰ ਉੱਤੇ ਵੱਖਰੇ ਵੱਖਰੇ ਸਭਿਆਚਾਰਾਂ ਨੂੰ ਸਮ-ਅੰਰਥਕ ਨਹੀਂ ਸਮਝਿਆ ਜਾ ਸਕਦਾ।

ਇਹ ਗੱਲ ਸਵੀਕਾਰ ਕਰਨੀ ਅਸੰਭਵ ਹੈ ਕਿ ਪਿੱਛਲੇ ਤਿੰਨ ਹਜ਼ਾਰ ਸਾਲ ਵਿਚ

101