ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਪਣਾਏ ਸਭਿਆਚਾਰ ਲਈ ਅਤੇ ਉਸ ਸਭਿਆਚਾਰਕ ਮਾਹੌਲ ਦੇ ਅੰਦਰ ਉਸ ਦੀ ਆਪਣੀ ਹੋਂਦ ਲਈ ਮਹੱਤਾ ਰਖਦੇ ਹਨ, ਨਾ ਕਿ ਉਸ ਦੇ ਪਿੱਛੇ ਰਹਿ ਗਏ ਮੂਲ ਸਭਿਆਚਾਰ ਲਈ, ਜਿੰਨਾ ਚਿਰ ਤੱਕ ਉਹ ਉਸ ਵਿਚ ਵਾਪਸ ਨਹੀਂ ਪਰਤ ਆਉਂਦਾ।

ਸੰਖੇਪ ਵਿਚ: ਨਿਸਚਿਤ ਭੁਗੋਲਿਕ ਚੌਖਟੇ ਤੋਂ ਬਿਨਾਂ ਅਸੀਂ ਸਭਿਆਚਾਰ ਦੀ ਕਲਪਣਾ ਨਹੀਂ ਕਰ ਸਕਦੇ। ਅਤੇ ਭੂਗੋਲਿਕ ਚਖਟਾ ਨਿਸਚਿਤ ਕਰਨ ਵੇਲੇ ਅਸੀਂ ਸਮਕਾਲੀ ਯਥਾਰਥ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ। ਇਸ ਲਈ, ਅੱਜ ਦੀਆਂ ਹਾਲਤਾਂ ਵਿਚ ਅਸੀਂ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਉਹੀ ਮੰਨਾਂਗੇ, ਜੋ ਇਸ ਵੇਲੇ ਭਾਰਤੀ ਪੰਜਾਬ ਦਾ ਹੈ। ਬਾਕੀ ਸਾਰਾ ਇਸ ਦਾ ਇਥੋਂ ਤੱਕ ਪੁੱਜਣ ਦਾ ਇਤਿਹਾਸ ਹੈ।

ਪਰ ਇਹ ਇਤਿਹਾਸ ਵੀ ਆਦਿ ਕਾਲ ਤੋਂ ਸ਼ੁਰੂ ਨਹੀਂ ਹੋਵੇਗਾ। ਅਸੀਂ ਪਹਿਲਾਂ ਦੇਖ ਆਏ ਹਾਂ ਕਿ ਸਭਿਆਚਾਰ ਕੋਈ ਸਰਬਕਾਲੀ, ਪਰਾ-ਸਮਾਜਕ, ਭਾਵਵਾਚੀ ਸੰਕਲਪ ਨਹੀਂ, ਸਗੋਂ ਸਮੇਂ ਅਤੇ ਸਥਾਨ ਦੀਆਂ ਸੀਮਾ ਵਿਚ ਹੀ ਅਰਥ ਰੱਖਦਾ ਹੈ। ਇਤਿਹਾਸ ਦੇ ਦੌਰਾਨ ਇੱਕ ਖਿੱਤੇ ਵਿਚ ਇਕ ਦੂਜੇ ਦੀ ਥਾਂ ਲੈਂਦੇ ਹੋਏ ਵੱਖੋ ਵੱਖਰੇ ਸਭਿਆਚਾਰ ਹੋ ਸਕਦੇ ਹਨ। ਮੁੱਢਲੀਆਂ ਹਾਲਤਾਂ ਵਿਚ ਵੱਖਰੇ ਸਭਿਆਚਾਰ ਇਕੇ ਵੇਲੇ ਨਾਲ ਨਾਲ ਵੀ ਰਹਿ ਸਕਦੇ ਸਨ। ਭਾਰਤ ਵਿਚ ਕਾਫ਼ੀ ਦੇਰ ਤੱਕ ਪਿੰਡ ਇਕ ਖ਼ੁਦ-ਇਖ਼ਤਿਆਰ ਇਕਾਈ ਵਜੋਂ ਕਾਇਮ ਰਹੇ ਹਨ, ਜਿਸ ਕਰਕੇ ਇਥੇ ਇਸ ਤਰ੍ਹਾਂ ਦੀ ਸੰਭਾਵਨਾ ਹੋਰ ਵੀ ਜ਼ਿਆਦਾ ਸੀ। ਬਿਲਕੁਲ ਨਾਲ ਲੱਗਦੇ ਪਿੰਡ ਦੇ ਵੱਖ ਵੱਖ ਸਭਿਆਚਾਰਾਂ ਨਾਲ ਸੰਬੰਧਤ ਵੀ ਹੋ ਸਕਦੇ ਸਨ। ਸਭਿਆਚਾਰ ਦੇ ਅਧਿਐਨ ਵਿਚ ਇਸ ਗੱਲ ਨੂੰ ਧਿਆਨ ਵਿਚ ਰਖਿਆ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਇਥੇ ਦੇ ਪ੍ਰਵਰਗਾਂ ਬਾਰੇ ਸਪਸ਼ਟਤਾ ਜ਼ਰੂਰੀ ਹੈ। ਅਸੀਂ ਆਮ ਹੀ ਸੰਯੁਕਤ (composit) ਸਭਿਆਚਾਰ ਦੀ ਗੱਲ ਕਰਦੇ ਹਾਂ। ਪਰ ਸੰਯੁਕਤ ਸਭਿਆਚਾਰ ਦਾ ਮਤਲਬ ‘ਕ' ਸਭਿਆਚਾਰ + ‘ਖ ਸਭਿਆਚਾਰ + ਗ ਸਭਿਆਚਾਰ ਆਦਿ ਨਹੀਂ ਹੁੰਦਾ। ਇਸ ਦਾ ਮਤਲਬ ਇਹ ਹੁੰਦਾ ਹੈ ਕਿ 'ਕ', 'ਖ', 'ਗ' ਸਭਿਆਚਾਰ ਜਾਂ ਤਾਂ ਇਸ ਦੇ ਉਪ-ਸਭਿਆਚਾਰ ਹਨ, ਜਾਂ ਇਹਨਾਂ ਦੇ ਅੰਸ਼ ਭਰਪੂਰ ਮਾਤਰਾ ਵਿਚ ਸੰਯੁਕਤ ਸਭਿਆਚਾਰ ਵਿਚ ਮਿਲਦੇ ਹਨ, ਜੋ ਕਿ ਇਹਨਾਂ ਦਾ ਮੁੱਖ ਸਭਿਆਚਾਰ ਹੋਵੇਗਾ, ਅਤੇ ਇਕਜੁੱਟ ਸਿਸਟਮ ਵਜੋਂ ਹੋਂਦ ਰਖੇਗਾ। ਜੇ ਇਹ ਇਕਜੁੱਟ ਸਿਸਟਮ ਵਜੋਂ ਹੋਂਦ ਨਹੀਂ ਰਖਦੇ, ਸਗੋਂ ਵਖਰੇ ਵਖਰੇ ਆਜ਼ਾਦ (ਭਾਵੇਂ ਇਕ ਦੂਜੇ ਉੱਤੇ ਪ੍ਰਭਾਵ ਪਾ ਰਹੇ) ਸਿਸਟਮ ਵਜੋਂ ਪਛਾਣੇ ਜਾ ਸਕਦੇ ਹਨ, ਤਾਂ ਇਹ ਇੱਕੋ ਸਮੇਂ ਅਤੇ ਇਕੋ ਸਥਾਨ ਉੱਪਰ ਹੋਂਦ ਰੱਖ ਰਹੇ ਵੱਖ ਵੱਖ ਸਭਿਆਚਾਰਕ ਸਿਸਟਮ ਹਨ।

106