ਵਸਤੂਪਰਕਤਾ ਨੂੰ ਸਮਾਜਕਤਾ ਨੂੰ ਮੰਨ ਲਈਏ ਤਾਂ ਇਹਨਾਂ ਦੇ ਹੋਂਦ ਵਿਚ ਆਉਣ ਅਤੇ ਖ਼ਤਮ ਹੋ ਜਾਣ, ਜਾਂ ਬਦਲ ਜਾਣ ਦੇ ਕਾਰਨਾਂ ਨੂੰ ਵੀ ਵਸਤੂਪਰਕ ਢੰਗ ਨਾਲ ਨਿਸ਼ਚਿਤ ਕੀਤਾ ਜਾ ਸਕਦਾ ਹੈ।
ਜੇ ਅਸੀਂ ਕਦਰਾਂ-ਕੀਮਤਾਂ ਦੀ ਉਪਰੋਕਤ ਸਾਰੀ ਵਿਆਖਿਆ ਨੂੰ, ਅਤੇ ਉਹਨਾਂ ਪੂਰਵ-ਲੋੜਾਂ ਨੂੰ ਧਿਆਨ ਵਿਚ ਰਖੀਏ ਜਿਹੜੀਆਂ ਸਭਿਆਚਾਰ ਦੀ ਕੋਈ ਵੀ ਪਰਿਭਾਸ਼ਾ ਮਿਥ ਕੇ ਚਲਦੀ ਹੈ, ਤਾਂ ਅਸੀਂ ਸਭਿਆਚਾਰ ਨੂੰ ਹੇਠ ਲਿਖੇ ਢੰਗ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ:
ਸਭਿਆਚਾਰ ਇਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿਚ ਕਿਸੇ ਮਨੁੱਖੀ ਸਮਾਜ ਦੇ ਨਿਸਚਿਤ ਇਤਿਹਾਸਕ ਪੜਾਅ ਉਤੇ ਪ੍ਰਚਲਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੋਧਕੇ ਵਰਤਾਰੇ ਸ਼ਾਮਲ ਹੁੰਦੇ ਹਨ।
ਇਥੇ 'ਨਿਸਚਿਤ ਇਤਿਹਾਸਕ ਪੜਾਅ' ਦਾ ਅਰਥ ਕੋਈ ਸਥਿਰ ਜਾਂ ਖੜੋਤ ਦੀ ਅਵਸਥਾ ਨਹੀਂ ਸਗੋਂ, ਜਿਵੇਂ ਕਿ ਪਹਿਲਾਂ ਵੀ ਸੰਕੇਤ ਕੀਤਾ ਗਿਆ ਹੈ, ਸਮੇਂ ਦੀ ਐਸੀ ਇਕਾਈ ਹੈ, ਜਿਸ ਦੇ ਦੌਰਾਨ ਪ੍ਰਧਾਨ ਕਦਰਾਂ-ਕੀਮਤਾਂ ਕਾਫ਼ੀ ਹੱਦ ਤੱਕ ਇੱਕੋ ਹੀ ਰਹਿੰਦੀਆਂ ਹਨ। ਸਮੇਂ ਦੀ ਇਹ ਇਕਾਈ ਕੁਝ ਦਹਾਕਿਆਂ ਤੋਂ ਲੈ ਕੇ ਕੁਝ ਸਦੀਆਂ ਤੱਕ ਫੈਲੀ ਹੋਈ ਵੀ ਹੋ ਸਕਦੀ ਹੈ।
ਇਹ ਪਰਿਭਾਸ਼ਾ ਆਪਣੇ ਆਪ ਵਿੱਚ ਆਖ਼ਰੀ ਸ਼ਬਦ ਹੋਣ ਦੀ ਆਸ ਨਾਲ ਨਹੀਂ ਦਿੱਤੀ ਜਾ ਰਹੀ। ਤਾਂ ਵੀ ਇਸ ਪਰਿਭਾਸ਼ਾ ਵਿਚ ਲਗਭਗ ਉਹ ਸਾਰੇ ਤੱਤ ਆ ਜਾਂਦੇ ਹਨ, ਜਿਹੜੇ ਸਭਿਆਚਾਰ ਵਿਚ ਲਾਜ਼ਮੀ ਹੁੰਦੇ ਹਨ: ਇਸ ਦਾ ਜੁੱਟ ਅਤੇ ਜਟਿਲ ਸਮੂਹ ਹੋਣਾ, ਇਸ ਦਾ ਮਨੁੱਖੀ ਸਮਾਜ ਦੀ ਹੀ ਵਿਲੱਖਣਤਾ ਹੋਣਾ, ਨਿਸਚਿਤ ਅਰਥਾਂ ਵਿਚ ਇਤਿਹਾਸਕਤਾ, ਇਸ ਵਿਚ ਕਦਰਾਂ-ਕੀਮਤਾਂ ਦਾ ਕੇਂਦਰੀ ਸਥਾਨ ਹੋਣਾ ਅਤੇ ਇਹਨਾਂ ਕਦਰਾਂ-ਕੀਮਤਾਂ ਦੇ ਪ੍ਰਗਟਾਅ-ਖੇਤਰ―ਮਨੁੱਖੀ ਵਿਹਾਰ, ਪਦਾਰਥਕ ਅਤੇ ਬੌਧਕ ਵਰਤਾਰੇ। ਆਮ ਕਰਕੇ 'ਪਦਾਰਥਕ' ਦੇ ਮੁਕਾਬਲੇ ਉਤੇ ਸ਼ਬਦ 'ਆਤਮਕ' ਜਾਂ 'ਰੂਹਾਨੀ' ਰਖਿਆ ਜਾਂਦਾ ਹੈ। ਪਰ ਇਹ ਸੰਕਲਪ ਵੀ ਮਨੁੱਖੀ ਚਿੰਤਨ ਦੀ ਉਪਜ ਹਨ, ਅਤੇ ਮਨੁੱਖੀ ਚਿੰਤਨ ਬੁੱਧੀ ਦਾ ਹੀ ਲੱਛਣ ਹੈ। ਇਸ ਦੇ ਨਾਲ ਹੀ ਉਪਰੋਕਤ ਪਰਿਭਾਸ਼ਾ ਵਿਚ ਸਭ ਕੁਝ ਨੂੰ ਵਰਤਾਰਿਆਂ ਵਜੋਂ ਦੇਖਣ ਦਾ ਯਤਨ ਹੈ, ਇਥੋਂ ਤੱਕ ਕਿ ਸਭਿਆਚਾਰ ਦੇ ਪਦਾਰਥਕ ਅੰਸ਼ਾਂ ਨੂੰ ਵੀ; ਜਿਸ ਦਾ ਮਤਲਬ ਵਸਤਾਂ ਅਤੇ ਕਾਰਜਾਂ ਨੂੰ ਉਹਨਾਂ ਦੇ ਅੰਤਰ-ਸੰਬੰਧਾਂ ਅਤੇ ਅੰਤਰ-ਕਿਰਿਆਵਾਂ ਵਿਚ ਸਦਾ ਗਤੀਸ਼ੀਲ ਅਵਸਥਾ ਵਿਚ ਦੇਖਣਾ ਹੈ। ਇਹੀ ਪਹੁੰਚ ਇਸ ਪੁਸਤਕ ਵਿਚ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
23