ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਿ ਵੀ। ਇਸ ਦੇ ਮੁਕਾਬਲੇ ਉਤੇ ਫੁੱਲ ਪ੍ਰਕਿਰਤੀ ਵਿਚ ਮਿਲਦੀ ਵਸਤੂ ਹੈ, ਪਰ ਮਨੁੱਖੀ ਯਤਨ ਨਾਲ ਵਿਹੜੇ ਵਿਚ ਲੱਗੀ ਜਾਂ ਵਿਹੜੇ ਦਾ ਸ਼ਿੰਗਾਰ ਬਣੀ ਇਹ ਪ੍ਰਕਿਰਤਕ ਵਸਤੂ ਸਭਿਆਚਾਰ ਦਾ ਅੰਗ ਬਣ ਜਾਂਦੀ ਹੈ। ਪ੍ਰਕਿਰਤੀ ਵਿਚ ਮਿਲਦਾ ਫ਼ੁੱਲ ਵੀ ਜਦੋਂ ਖ਼ਾਸ ਮੌਕੇ ਉਤੇ ਖ਼ਾਸ ਆਸ਼ੇ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਇਹ ਪਦਾਰਥਕ ਸਭਿਆਚਾਰ ਦਾ ਅੰਸ਼ ਬਣ ਜਾਂਦਾ ਹੈ। ਪਹਾੜ ਦੇ ਰੂਪ ਵਿਚ ਪਿਆ ਪੱਥਰ ਸਭਿਆਚਾਰ ਦਾ ਅੰਸ਼ ਨਹੀਂ, ਪਰ ਕੱਟ-ਤਰਾਸ਼ ਕੇ ਘਰ ਵਿਚ ਵਰਤਿਆ ਗਿਆ, ਇਹ ਸਭਿਆਚਾਰ ਦਾ ਅੰਸ਼ ਬਣ ਜਾਂਦਾ ਹੈ। ਕਾਨਾਂ ਵਿਚ ਪਏ ਕੀਮਤੀ ਪੱਥਰ ਕੋਈ ਅਰਥ ਨਹੀਂ ਰੱਖਦੇ, ਪਰ ਗਹਿਣਿਆਂ ਵਿਚ ਜੜੇ ਇਹ ਸਭਿਆਚਾਰਕ ਕਦਰ ਪਰਾਪਤ ਕਰ ਲੈਂਦੇ ਹਨ। ਇਸ ਤਰ੍ਹਾਂ ਹਰ ਸਭਿਆਚਾਰ ਵਿਚਲੇ ਪਦਾਰਥਕ ਅੰਸ਼ਾਂ ਦੀ ਲੰਮੀ ਸੂਚੀ ਬਣਾਈ ਜਾ ਸਕਦੀ ਹੈ। ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਜਾਂਦਾ ਹੈ, ਇਹਨਾਂ ਅੰਸ਼ਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਈ ਜਾਂਦਾ ਹੈ। ਇਹ ਸਾਰੇ ਅੰਸ਼ ਕਿਸੇ ਸਭਿਆਚਾਰ ਦੀਆਂ ਪਦਾਰਥਕ ਕਦਰਾਂ ਨੂੰ ਪੇਸ਼ ਕਰਦੇ ਹਨ, ਇਸ ਲਈ ਇਹ ਪਦਾਰਥਕ ਸਭਿਆਚਾਰ ਦਾ ਅੰਗ ਹੁੰਦੇ ਹਨ।

ਪ੍ਰਤਿਮਾਨਿਕ ਸਭਿਆਚਾਰ, ਸਭਿਆਚਾਰ ਦਾ ਉਹ ਅੰਗ ਹੈ, ਜਿਹੜਾ ਮਨੁੱਖੀ ਵਿਹਾਰ ਲਈ ਪ੍ਰਤਿਮਾਨ ਜਾਂ ਨਿਯਮ ਸਥਾਪਿਤ ਕਰਦਾ ਹੈ ਅਤੇ ਇਸ ਤਰ੍ਹਾਂ ਮਨੁੱਖੀ ਵਿਹਾਰ ਨੂੰ ਨਿਯਮਤ ਕਰਦਾ ਅਤੇ ਅਗਵਾਈ ਦੇਂਦਾ ਹੈ। ਇਹ ਨਿਯਮ ਇਹ ਵੀ ਦੱਸਦੇ ਹਨ ਕਿ 'ਇਹ ਕਰੋ' (ਨਿਰਦੇਸ਼ਾਤਮਕ) ਅਤੇ ਇਹ ਵੀ ਦਸਦੇ ਹਨ ਕਿ 'ਇਹ ਨਾ ਕਰੋ' (ਨਿਸ਼ੇਧਾਤਮਕ)। ਇਹ ਨਿਯਮ ਪ੍ਰਤੱਖ ਵੀ ਹੋ ਸਕਦੇ ਹਨ, ਪ੍ਰੋਖ ਵੀ। ਪ੍ਰਤੱਖ ਨਿਯਮ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸਿਖਾਏ ਜਾਂਦੇ ਹਨ ― 'ਇਹ ਕਰੋ, 'ਇਹ ਨਾ ਕਰੋ'; 'ਹੱਥ ਜੋੜ ਕੇ ਨਮਸਤੇ ਕਰੋ'; 'ਸੰਗਤ ਵਿਚ ਉਬਾਸੀ ਨਾ ਲਵੋ, ਜਾਂ 'ਉਬਾਸੀ ਲੈਣ ਲੱਗਿਆਂ ਮੂੰਹ ਅੱਗੇ ਹੱਥ ਰਖ ਲਵੋ'; 'ਪਚਾਕੇ ਮਾਰ ਕੇ ਖਾਣਾ ਨਾ ਖਾਓ'; 'ਖੱਬੇ ਹੱਥ ਚਲੋ'; ਆਦਿ। ਪ੍ਰੋਖ ਨਿਯਮ ਸਿਖਾਏ ਨਹੀਂ ਜਾਂਦੇ, ਉਹਨਾਂ ਨੂੰ ਮਨੁੱਖ ਸਮਾਜ ਵਿਚ ਵਿਚਰਦਾ ਆਪੇ ਗਹਿਣੇ ਕਰ ਲੈਂਦਾ ਹੈ। ਕਈਆਂ ਸ਼ਰਤਾਂ ਵਿਚ ਉਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਸ ਨੇ ਇਹ ਗ੍ਰਹਿਣ ਕੀਤੇ ਹਨ। ਹਾਲਤ ਦੇ ਮੁਤਾਬਕ ਬੋਲਣ ਦਾ ਲਹਿਜਾ, ਹੱਸਦਿਆਂ ਤਾੜੀ ਮਾਰ ਕੇ ਖੁਸ਼ੀ ਦਾ ਪ੍ਰਗਟਾਅ, ਸਤਿਕਾਰ ਵਜੋਂ ਸਿਰ ਢੱਕ ਲੈਣਾ ਆਦਿ।

ਨਿਯਮ ਆਦਰਸ਼ਕ ਵੀ ਹੁੰਦੇ ਹਨ ਅਤੇ ਵਿਆਪਕ ਵੀ। ਆਦਰਸ਼ਕ ਨਿਯਮ ਉਹ ਹੁੰਦੇ ਹਨ, ਜਿਨ੍ਹਾਂ ਨੂੰ ਸਮਾਜ ਨੇ ਉਦਾਹਰਣੀ ਮੰਨ ਲਿਆ ਹੈ। ਪਰ ਜ਼ਰੂਰੀ ਨਹੀਂ ਕਿ ਸਮਾਜ ਵਿਚਲੇ ਸਾਰੇ ਵਿਅਕਤੀਆਂ ਦਾ ਵਿਹਾਰ ਹੀ ਆਦਰਸ਼ਕ ਹੋਵੇ। ਹਰ ਸਮਾਜ ਵਿਚ ਆਦਰਸ਼ਕ ਵਿਹਾਰ ਤੋਂ ਲਾਂਭੇ ਜਾਂਦੇ ਵਿਹਾਰ ਨੂੰ ਵੀ ਸਵੀਕਾਰ ਕੀਤਾ ਜਾਂਦਾ ਹੈ, ਭਾਵੇਂ ਕਿਸੇ ਹੱਦ ਤੱਕ ਹੀ। ਜੇ ਆਦਰਸ਼ਕ ਅਤੇ ਵਿਆਪਕ ਦਾ ਪਾੜਾ ਵਧ ਜਾਏ ਤਾਂ

27