ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਾਜ ਦੀ ਏਕਤਾ, ਸੰਗਠਨ ਅਤੇ, ਆਖ਼ਰ, ਹੋਂਦ ਤੱਕ ਖ਼ਤਰੇ ਵਿਚ ਪੈ ਜਾਂਦੀ ਹੈ। ਇਸ ਲਈ ਸਮਾਜ ਵਾਸਤੇ ਇਹ ਲਾਜ਼ਮੀ ਹੁੰਦਾ ਹੈ ਕਿ ਉਹ ਇਹਨਾਂ ਨਿਯਮਾਂ ਨੂੰ ਲਾਗੂ ਕਰਵਾਏ ਅਤੇ ਇਹਨਾਂ ਵਿਚਲੇ ਪਾੜੇ ਨੂੰ ਇਸ ਹੱਦ ਤੱਕ ਨਾ ਵਧਣ ਦੇਵੇ ਕਿ ਇਹ ਸਮਾਜ ਦੀ ਹੋਂਦ ਲਈ ਹੀ ਖ਼ਤਰਾ ਪੈਦਾ ਕਰ ਦੇਵੇ।

ਆਦਰਸ਼ ਸ਼ਾਇਦ ਵਿਆਪਕ ਕਦੀ ਵੀ ਨਹੀਂ ਹੁੰਦਾ, ਨਹੀਂ ਤਾਂ ਇਹ ਆਦਰਸ਼ਕ ਨਾ ਰਹੇ। ਸਮਾਜ ਆਪਣੇ ਸਾਰੇ ਨਿਯਮਾਂ ਦੀ ਪਾਲਣਾ ਦੀ ਵੀ ਸ਼ਾਇਦ ਇੱਕੋ ਜਿੰਨੀ ਆਸ ਨਹੀਂ ਰੱਖਦਾ। ਕੁਝ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਉਲੰਘਣਾ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਪਾਲਣਾ ਵਿਚ ਵਿਅਕਤੀ ਨੂੰ ਆਪਣੀ ਮਰਜ਼ੀ, ਜਾਂ ਆਪਣਾ ਸਨਕੀਪੁਣਾ ਵਰਤਣ ਦੀ ਖੁਲ੍ਹ ਦੇ ਦਿੱਤੀ ਜਾਂਦੀ ਹੈ। ਪਰ ਕੁਝ ਨਿਯਮ ਹੁੰਦੇ ਹਨ, ਜਿਹੜੇ ਕਿਸੇ ਸਮਾਜ ਦਾ ਆਧਾਰ ਹੁੰਦੇ ਹਨ। ਇਹੋ ਜਿਹੇ ਨਿਯਮਾਂ ਦੀ ਉਲੰਘਣਾ ਸਮਾਜ ਦੇ ਆਧਾਰ ਨੂੰ ਸੱਟ ਮਾਰਦੀ ਹੈ, ਇਸ ਕਰਕੇ ਬਰਦਾਸ਼ਤ ਨਹੀਂ ਕੀਤੀ ਜਾਂਦੀ। ਕੁਝ ਹੋਰ ਨਿਯਮ ਹੁੰਦੇ ਹਨ, ਜਿਨ੍ਹਾਂ ਬਾਰੇ ਇਹ ਮਿਥ ਹੀ ਲਿਆ ਜਾਂਦਾ ਹੈ ਕਿ ਇਹਨਾਂ ਦੀ ਉਲੰਘਣਾ ਕੋਈ ਕਰ ਹੀ ਨਹੀਂ ਸਕਦਾ।

ਪੱਛਮੀ ਸਮਾਜ-ਵਿਗਿਆਨੀਆਂ ਨੇ ਇਹਨਾਂ ਹਰ ਤਰ੍ਹਾਂ ਦੇ ਨਿਯਮਾਂ ਨੂੰ ਵੱਖ ਵੱਖ ਨਾਂ ਦੇ ਰੱਖੇ ਹਨ। ਪਹਿਲੀ ਕਿਸਮ ਦੇ ਨਿਯਮਾਂ ਨੂੰ 'ਫ਼ੋਕਵੇਜ਼' ਕਿਹਾ ਜਾਂਦਾ ਹੈ ਅਤੇ ਦੂਜੀ ਕਿਸਮ ਦੇ ਨਿਯਮਾਂ ਨੂੰ 'ਮੋਰਜ਼'। ਇਹ ਨਿਖੇੜ ਕਰਨ ਵਾਲਾ ਅਤੇ ਨਾਂ ਦੇਣ ਵਾਲਾ ਸਭ ਤੋਂ ਪਹਿਲਾ ਬੰਦਾ ਅਮਰੀਕੀ ਸਮਾਜ-ਵਿਗਿਆਨੀ ਸਮਨਰ ਸੀ।4 ਅਸੀਂ ਪਹਿਲੀ ਤਰ੍ਹਾਂ ਦੇ ਨਿਯਮਾਂ ਨੂੰ ਲੋਕਾਚਾਰ ਕਹਿ ਸਕਦੇ ਹਾਂ ਅਤੇ ਦੂਜੀ ਕਿਸਮ ਦੇ ਨਿਯਮਾਂ ਨੂੰ ਸਦਾਚਾਰ। ਅਸੀਂ ਬੜਾ ਕੁਝ ਸਿਰਫ਼ ਲੋਕਾਚਾਰ ਦੀ ਖ਼ਾਤਰ ਹੀ ਕਰਦੇ ਹਾਂ; ਸਿਰਫ਼ ਇਸ ਲਈ ਕਰਦੇ ਹਾਂ ਕਿ ਦੂਜੇ ਇਸ ਤਰ੍ਹਾਂ ਕਰਦੇ ਹਨ। ਅਜਿਹੇ ਨਿਯਮਾਂ ਦੀ ਪਾਲਣਾ ਦਾ ਬਹੁਤਾ ਇਨਾਮ ਨਹੀਂ ਹੁੰਦਾ, ਸਿਵਾਇ ਮਨ ਦੀ ਤਸੱਲੀ ਦੇ, ਜਾਂ ਸਮਾਜ ਨਾਲ ਟੱਕਰ ਵਿਚ ਨਾ ਆਉਣ ਤੋਂ ਪੈਦਾ ਹੁੰਦੀ ਮਨ ਦੀ ਸ਼ਾਂਤੀ ਦੇ। ਨਾ ਹੀ ਅਜਿਹੇ ਨਿਯਮਾਂ ਦੀ ਉਲੰਘਣਾ ਦੀ ਕੋਈ ਬਹੁਤੀ ਸਜ਼ਾ ਹੁੰਦੀ ਹੈ ਸਿਵਾਇ ਇਸ ਦੇ ਕਿ ਕੁਝ ਲੋਕ ਨੱਕ-ਮੂੰਹ ਵੱਟ ਲੈਂਦੇ ਹਨ, ਜਾਂ ਹੋਰ ਵਧੇਰੇ ਸਖ਼ਤੀ ਦੀ ਹਾਲਤ ਵਿਚ ਮੇਲ-ਜੋਲ ਘੱਟ ਕਰ ਦੇਂਦੇ ਜਾਂ ਬੰਦ ਕਰੋ ਦੇਂਦੇ ਹਨ। ਉਦਾਹਰਣ ਵਜੋਂ, ਪਚਾਕੇ ਮਾਰ ਕੇ ਖਾਣ ਵਾਲੇ ਨੂੰ ਤੁਸੀਂ ਜੇਲ੍ਹ ਨਹੀਂ ਭਿਜਵਾ ਸਕਦੇ, ਸਗੋਂ ਇਥੋਂ ਤੱਕ ਕਿ ਖਾਣੇ ਦੇ ਮੇਜ਼ ਤੋਂ ਵੀ ਨਹੀਂ ਉਠਾ ਸਕਦੇ। ਵੱਧ ਤੋਂ ਵੱਧ ਇਹ ਕਰ ਸਕਦੇ ਹੋ ਕਿ ਉਸ ਦੀ ਪਿੱਠ ਪਿੱਛੇ ਉਸ ਦਾ ਮਜ਼ਾਕ ਉਡਾਓ, ਜਾਂ ਅਗਲੀ ਵਾਰ ਦਾਅਵਤ ਵਿਚ ਉਸਨੂੰ ਨਾ ਬੁਲਾਓ। ਪਰ ਇਹ ਸਜ਼ਾ ਵੀ ਸ਼ਾਇਦ ਤੁਸੀਂ ਨਾ ਦੇ ਸਕੋ, ਜੇ ਉਹ ਵਿਅਕਤੀ ਕੋਈ ਸਮਾਜਕ ਹਸਤੀ ਹੈ ਤਾਂ। ਫਿਰ ਬਰਦਾਸ਼ਤ ਕਰਨ ਤੋਂ ਛੁੱਟ ਕੋਈ ਚਾਰਾ ਨਹੀਂ ਹੋਵੇਗਾ। ਇਸੇ ਤਰ੍ਹਾਂ ਐਸੇ ਵਿਅਕਤੀ ਦਾ ਤੁਸੀਂ ਕੁਝ ਨਹੀਂ ਕਰ ਸਕਦੇ, ਜਿਹੜਾ ਗੱਲਾਂ ਕਰਦਾ ਕਰਦਾ ਨਾਲ ਤੁਹਾਡੇ ਮੂੰਹ ਉਤੇ ਥੁੱਕਾਂ ਸੁੱਟੀ ਜਾਂਦਾ

28