ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਤੁਸੀਂ ਸਿਰਫ਼ ਇਹ ਕਰ ਸਕਦੇ ਹੋ ਕਿ ਗੱਲਾਂ ਕਰਦਿਆਂ ਉਸ ਵੱਲ ਨਾ ਤੱਕੋ ਅਤੇ ਏਨੀ ਕੁ ਵਿੱਥ ਉਤੇ ਆਪਣੇ ਆਪ ਨੂੰ ਰੱਖੋ ਕਿ ਉਸ ਦਾ ਥੁੱਕ ਤੁਹਾਡੇ ਤਕ ਨਾ ਪੁੱਜੇ। ਇਸੇ ਤਰ੍ਹਾਂ, ਲੋਕ ਲਿਬਾਸ ਵਿਚ ਖੁੱਲ੍ਹ ਲੈ ਸਕਦੇ ਹਨ, ਰਹੁ-ਰੀਤਾਂ ਮੰਨਣ ਜਾਂ ਨਾ ਮੰਨਣ ਵਿਚ ਆਪਣੀ ਮਰਜ਼ੀ ਵਰਤ ਲੈਂਦੇ ਹਨ, ਅਤੇ ਸਮਾਜ ਨੱਕ-ਮੂੰਹ ਚਾੜ੍ਹ ਕੇ ਉਸ ਨੂੰ ਆਈ-ਗਈ ਗੱਲ ਕਰ ਛੱਡਦਾ ਹੈ।

ਪਰ ਜੇ ਕੋਈ ਖਾਣੇ ਦੇ ਮੇਜ਼ ਉਤੇ ਪਚਾਕੇ ਹੀ ਨਹੀਂ ਮਾਰਦਾ, ਸਗੋਂ ਗੁੱਸੇ ਵਿਚ ਆ ਕੇ ਸਬਜ਼ੀ ਕਿਸੇ ਦੂਜੇ ਉਤੇ ਉਲਟਾ ਦੇਂਦਾ ਹੈ, ਜਾਂ ਸ਼ਰਾਬ ਦੇ ਨਸ਼ੇ ਵਿਚ ਆਪਣੇ ਮੀਜ਼ਬਾਨ ਜਾਂ ਦੂਜੇ ਪਰਾਹੁਣਿਆਂ ਦੀ ਬੇਇਜ਼ਤੀ ਕਰਨ ਲੱਗ ਜਾਂਦਾ ਹੈ, ਜਾਂ ਜਾਣ ਲੱਗਾ ਚਿਮਚਾ ਜੇਬ ਵਿਚ ਪਾ ਲੈਂਦਾ ਹੈ, ਤਾਂ ਮਾਮਲਾ ਗੰਭੀਰ ਹੋ ਜਾਂਦਾ ਹੈ। ਇਸ ਨੂੰ ਸਿਰਫ਼ ਨੱਕ-ਮੂੰਹ ਵੱਟ ਕੇ ਹੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਹ ਵਿਹਾਰ ਕਿਸੇ ਸਜ਼ਾ ਦੀ ਮੰਗ ਕਰਦਾ ਹੈ। ਘੱਟੋ ਘੱਟ ਸਜ਼ਾ ਇਹ ਹੋ ਸਕਦੀ ਹੈ ਕਿ ਵਿਅਕਤੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਜਾਏ, ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਪੁਲਿਸ ਨੂੰ ਬੁਲਾ ਲਿਆ ਜਾਏ।

ਪਰ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਉਪਰੋਕਤ ਵੰਡ ਆਪਣੇ ਆਪ ਵਿਚ ਕੋਈ ਨਿਸਚਿਤ ਹੱਦਬੰਦੀ ਨਹੀਂ ਰੱਖਦੀ। ਦੂਜਾ, ਇਹਨਾਂ ਨਿਯਮਾਂ ਦਾ ਰੂਪ, ਜਾਂ ਇਹਨਾਂ ਦੀ ਪਾਲਣਾ ਅਤੇ ਉਲੰਘਣਾ ਵੱਲ ਸਮਾਜ ਦਾ ਵਤੀਰਾ ਹਮੇਸ਼ਾ ਹੀ ਇਕੋ ਜਿਹਾ ਨਹੀਂ ਰਹਿੰਦਾ। ਇਹ ਅਸਲ ਵਿਚ ਸਮਾਜ ਦੀਆਂ ਲੋੜਾਂ ਨੂੰ ਸਾਕਾਰ ਕਰਦੇ ਹਨ; ਉਹਨਾਂ ਆਸਾਂ ਨੂੰ ਸਾਕਾਰ ਕਰਦੇ ਹਨ, ਜਿਹੜੀਆਂ ਕੋਈ ਸਮਾਜ ਆਪਣੇ ਮੈਂਬਰਾਂ ਤੋਂ ਰੱਖਦਾ ਹੈ। ਇਹਨਾਂ ਨਿਯਮਾਂ ਰਾਹੀਂ ਸਮਾਜ ਆਪਣੀ ਹੋਂਦ ਨੂੰ ਕਾਇਮ ਰੱਖਦੇ ਅਤੇ ਆਪਣੇ ਮੈਂਬਰਾਂ ਦੇ ਵਿਹਾਰ ਨੂੰ ਕੰਟਰੋਲ ਕਰਦਾ ਹੈ। ਪਰ ਸਮਾਜ ਦੀਆਂ ਲੋੜਾਂ ਅਤੇ ਆਸਾਂ ਹਮੇਸ਼ਾਂ ਇਕੋ ਜਿਹੀਆਂ ਨਹੀਂ ਰਹਿੰਦੀਆਂ, ਕਿਉਂਕਿ ਸਮਾਜ ਦੇ ਅੰਦਰ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਇਸ ਤਰ੍ਹਾਂ, ਜੇ ਕਦੀ ਔਰਤ ਦਾ ਥਾਂ ਘਰ ਦੇ ਅੰਦਰ ਹੀ ਮੰਨਿਆ ਜਾਂਦਾ ਸੀ ਅਤੇ ਕੱਜੇ-ਵਲ੍ਹੇਟੇ ਤੋਂ ਬਿਨਾਂ ਉਸ ਦਾ ਬਾਹਰ ਨਿਕਲਣਾ ਸਮਾਜਕ ਕਹਿਰ ਨੂੰ ਸੱਦਾ ਦੇਂਦਾ ਸੀ, ਤਾਂ ਅੱਜ ਉਸ ਦੇ ਇਕੱਲੀ ਆਪਣੇ ਮਰਦ-ਸਾਥੀਆਂ ਦੀ ਸੰਗਤ ਵਿਚ ਪੁਲਾੜ ਵਿਚ ਉਡਾਰੀ ਲਾਉਣ ਉਤੇ ਸਮਾਜ ਅਤੇ ਕੌਮਾਂ ਮਾਨ ਕਰਦੀਆਂ ਹਨ। ਜੇ ਔਰਤ ਵੀ ਕਦੀ ਆਪ ਘਰ ਅੰਦਰ ਰਹਿਣ ਦੀ ਸਥਿਤੀ ਨੂੰ ਪ੍ਰਵਾਨ ਕਰਦੀ ਸੀ, ਤਾਂ ਅੱਜ ਉਹ ਇਸ ਗੱਲ ਨੂੰ ਵੀ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਕਿ ਉਸ ਦੀ ਗਵਾਹੀ ਨੂੰ ਆਦਮੀ ਦੇ ਮੁਕਾਬਲੇ ਉਤੇ ਅੱਧੀ ਸਮਝਿਆ ਜਾਏ। ਜੇ ਕਿਸੇ ਵੇਲੇ ਧੀਆਂ ਪੁੱਤਰਾਂ ਲਈ ਮਾਪਿਆਂ ਦੀ ਰਜ਼ਾ ਵਿਚ ਰਹਿਣਾ ਅਤੇ ਉਹਨਾਂ ਦੇ ਫ਼ੈਸਲਿਆਂ ਦੀ ਪਾਲਣਾ ਕਰਨਾ ਆਦਰਸ਼ਕ ਵਤੀਰਾ ਸਮਝਿਆ ਜਾਂਦਾ ਸੀ, ਤੇ ਅੱਜ ਪਹਿਲ ਇਸ ਗੱਲ ਨੂੰ ਨਹੀਂ ਦਿੱਤੀ ਜਾਂਦੀ ਕਿ ਫ਼ੈਸਲਾ ਕਿਸ ਨੇ ਕੀਤਾ ਹੈ, ਸਗੋਂ ਇਸ ਗੱਲ ਨੂੰ ਦਿੱਤੀ ਜਾਂਦੀ ਹੈ ਕਿ ਫ਼ੈਸਲਾ ਤਰਕ-ਸੰਗਤ ਹੈ

29