ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਦ੍ਰਿਸ਼ਟੀਕੋਣ ਦਸਿਆ ਜਾਂਦਾ ਹੈ। ਆਪਣੇ ਹੀ ਸਭਿਆਚਾਰ ਦੇ ਦ੍ਰਿਸ਼ਟੀਕੋਨ ਤੋਂ ਬਾਕੀ ਸਭਿਆਚਾਰਾਂ ਨੂੰ ਦੇਖਣਾ ਅਤੇ ਉਹਨਾਂ ਦਾ ਮੁਲੰਕਣ ਕਰਨਾ ਨਸਲਮੁੱਖਤਾ ਹੈ। ਇਸ ਵਿਚ ਆਪਣੇ ਸਭਿਆਚਾਰ ਨੂੰ ਦੂਜੇ ਸਭਿਆਚਾਰਾਂ ਨਾਲੋਂ ਉੱਚਾ ਅਤੇ ਵਧੇਰੇ ਚੰਗਾ ਸਮਝਣ ਦੀ ਪ੍ਰਵਿਰਤੀ ਪਾਈ ਜਾਂਦੀ ਹੈ। ਵੈਸੇ, ਇਹ ਪ੍ਰਵਿਰਤੀ ਲਗਭਗ ਸਭਿਆਚਾਰ ਜਿੰਨੀ ਹੀ ਸਰਬ-ਵਿਆਪਕ ਹੈ। ਅੱਜ ਤੱਕ ਕਿਸੇ ਵੀ ਸਭਿਆਚਾਰ ਨੇ ਅਪਣੇ ਆਪ ਨੂੰ ਦੂਜੇ ਨਾਲੋਂ ਘਟੀਆ ਨਹੀਂ ਮੰਨਿਆ, ਭਾਵੇਂ ਉਹ ਪ੍ਰਤੱਖ ਤੌਰ ਉਤੇ ਵਿਕਾਸ ਦੀਆਂ ਮੰਜ਼ਲਾਂ ਉਤੇ ਪਿੱਛੇ ਹੀ ਕਿਉਂ ਨਾ ਰਹਿ ਚੁੱਕਾ ਹੋਵੇ। ਆਮ ਪ੍ਰਵਿਰਤੀ ਦੂਜੇ ਨੂੰ ਅਧੂਰਾ ਅਤੇ ਘਟੀਆ ਮੰਨਣ ਦੀ ਹੀ ਹੈ।

ਮਨੁੱਖੀ ਸਮਾਜ ਦੇ ਵਿਕਾਸ ਦੇ ਇਕ ਖ਼ਾਸ ਪੜਾਅ ਤੱਕ ਇਹ ਬਿਰਤੀ ਸਮਝ ਵਿਚ ਆਉਂਦੀ ਹੈ। ਦੂਜਿਆਂ ਦੇ ਮੁਕਾਬਲੇ ਉਤੇ ਆਪਣੇ ਆਪ ਨੂੰ ਚੰਗਾ ਦੱਸ ਕੇ ਅਤੇ ਸਮਝ ਕੇ ਆਪਣੀ ਨਿਵੇਕਲੀ ਹੋਂਦ ਉਤੇ ਮਾਨ ਹੁੰਦਾ ਹੈ। ਇਸ ਨਾਲ ਸ੍ਵੈ-ਵਿਸ਼ਵਾਸ ਪੈਦਾ ਹੁੰਦਾ ਅਤੇ ਪੱਕਾ ਹੁੰਦਾ ਹੈ। ਆਪਣੇ ਸਮਾਜ ਵਿਚ ਇਕਮਿਕਤਾ ਦਾ ਅਹਿਸਾਸ ਵਧਦਾ ਹੈ, ਜੋ ਸਮਾਜਕ ਸੰਗਠਨ ਨੂੰ ਮਜ਼ਬੂਤ ਬਣਾਉਂਦਾ ਹੈ। ਪਰ ਇਕ ਖ਼ਾਸ ਪੜਾਅ ਤੋਂ ਮਗਰੋਂ (ਜਦੋਂ ਕਿ ਕਿਸੇ ਖ਼ਾਸ ਸਭਿਆਚਾਰ ਵਾਲੇ ਸਮਾਜ ਕੋਲ ਪਦਾਰਥਕ ਵਸੀਲੇ ਵੀ ਏਨੇ ਹੋ ਜਾਣ ਕਿ ਉਹ ਦੂਜੇ ਸਮਾਜਾਂ ਨੂੰ ਦਬਾਅ ਸਕੇ) ਇਹ ਦੂਜੇ ਨੂੰ ਘਟੀਆ ਸਮਝਣ ਦੀ ਭਾਵਨਾ, ਘਟੀਆ ਸਭਿਆਚਾਰ ਨੂੰ ਖ਼ਤਮ ਕਰਨ ਜਾਂ ਫਿਰ ਉਸ ਨੂੰ ਆਪਣਾ 'ਵਧੀਆ ਸਭਿਆਚਾਰ' ਸਿਖਾਉਣ ਦੀ ਭਾਵਨਾ ਵਿਚ ਬਦਲ ਜਾਂਦੀ ਹੈ। ਇਥੇ ਪਹੁੰਚ ਕੇ ਇਹ ਬਿਰਤੀ ਉਹਨਾਂ ਭਿਆਨਕ ਸਿੱਟਿਆਂ ਨੂੰ ਜਨਮ ਦੇਣ ਲੱਗ ਪੈਂਦੀ ਹੈ, ਜਿਨ੍ਹਾਂ ਦਾ ਸਿਖਰ ਨਸਲਵਾਦ ਅਤੇ ਫ਼ਾਸ਼ਿਜ਼ਮ ਦੀ ਵਿਚਾਰਧਾਰਾ ਹੁੰਦਾ ਹੈ।

ਸਭਿਆਚਾਰਕ ਸਾਪੇਖਤਾ ਦਾ ਸਿਧਾਂਤ ਇਸ ਪ੍ਰਵਿਰਤੀ ਦੇ ਪ੍ਰਤਿਕਰਮ ਵਜੋਂ ਹੋਂਦ ਵਿਚ ਆਇਆ ਹੈ। ਇਸ ਸਿਧਾਂਤ ਅਨੁਸਾਰ ਹਰ ਸਭਿਆਚਾਰ ਨੂੰ ਉਸ ਦੇ ਆਪਣੇ ਮੂਲ-ਅਧਾਰਾਂ ਉਤੇ ਹੀ ਦੇਖਣਾ ਅਤੇ ਪਰਖਣਾ ਜ਼ਰੂਰੀ ਹੈ, ਜਿਨ੍ਹਾਂ ਕਾਰਣ ਉਹ ਹੋਂਦ ਵਿਚ ਆਇਆ ਹੁੰਦਾ ਹੈ। ਹਰ ਸਭਿਆਚਾਰ ਦਾ ਅਧਿਐਨ ਤੇ ਵਿਸ਼ਲੇਸ਼ਣ ਉਸ ਦੇ ਆਪਣੇ ਚੌਖਟੇ ਵਿਚ ਰੱਖ ਕੇ ਹੀ ਕੀਤਾ ਜਾਣਾ ਚਾਹੀਦਾ ਹੈ। ਇਹ ਸਿਧਾਂਤ ਦੂਜੇ ਸਭਿਆਚਾਰਾਂ, ਖ਼ਾਸ ਕਰਕੇ ਪੁਰਾਤਨ, ਅਤੇ ਹੁਣ ਮਿਲਦੇ ਕਬੀਲਾ-ਸਭਿਆਚਾਰਾਂ ਦੇ ਅਧਿਐਨ ਅਤੇ ਵਿਸ਼ਲੇਸ਼ਣ ਤੱਕ ਆਪਣੇ ਆਪ ਨੂੰ ਸੀਮਤ ਰੱਖਦਾ ਹੈ। ਮੁਲੰਕਣ ਕਰਨਾ ਇਸ ਸਿਧਾਂਤ ਦੇ ਅਨੁਕੂਲ ਨਹੀਂ ਸਮਝਿਆ ਜਾਂਦਾ, ਕਿਉਂਕਿ ਉਸ ਵਿਚ ਨਸਲਮੁੱਖਤਾ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਪਰ ਇਸ ਸਿਧਾਂਤ ਦੀ ਸਾਰਥਕਤਾ ਵੀ ਸਪੇਖਕ ਹੀ ਹੈ। ਸਭਿਆਚਾਰਕ ਊਚ-ਨੀਚ, ਨਸਲਵਾਦ ਅਤੇ ਫ਼ਾਸ਼ਿਜ਼ਮ ਦੇ ਮੁਕਾਬਲੇ ਉਤੇ ਇਹ ਮਨੁੱਖੀ ਬਰਾਬਰੀ ਦੇ ਜਨਵਾਦੀ ਸਿਧਾਂਤ ਨੂੰ ਪੇਸ਼ ਕਰਦਾ ਹੈ। ਭੇਦ-ਭਾਵ ਦੀ ਥਾਂ ਉਤੇ ਬੁਨਿਆਦੀ ਇਨਸਾਨੀ ਏਕਤਾ

38