ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਿਆਚਾਰਕ ਪ੍ਰਤਿਮਾਨ ਹਨ। ਵੱਖੋ ਵੱਖਰੇ ਸਭਿਆਚਾਰਾਂ ਵਿਚ ਇਸ ਦੀ ਬੋਧਾਤਮਿਕ ਵਿਆਖਿਆ ਵੱਖ ਵੱਖ ਜ਼ਰੂਰ ਹੈ। ਜੇ ਕੋਈ ਸਭਿਆਚਾਰ ਇਹ ਕਹਿੰਦਾ ਹੈ ਕਿ ਇਸ ਨਾਲ ਸ਼ਰੀਰ ਵਿਚੋਂ ਸ਼ੈਤਾਨ ਨਿਕਲਦੇ ਹਨ (ਮਧਕਾਲੀ ਯੂਰਪ) ਤਾਂ ਦੂਜਾ ਸਭਿਆਚਾਰ ਇਸ ਨੂੰ ਕਿਸੇ ਪਿਆਰੇ ਦੇ ਯਾਦ ਕਰਨ ਨਾਲ ਜੋੜਦਾ ਹੈ (ਪੰਜਾਬੀ, ਭਾਰਤੀ) ਜਾਂ ਕੋਈ ਇਸ ਨੂੰ ਵਿਅਕਤੀ ਦੀ ਜੀਵਨ-ਭਰਪੂਰਤਾ ਨਾਲ ਜੋੜਦਾ ਹੈ (ਜਾਪਾਨੀ)। ਤਿੰਨਾਂ ਹੀ ਸੂਰਤਾਂ ਵਿਚ ਇਕ ਸੁਭਾਵਕ, ਆਪਣੇ ਆਪ ਹੁੰਦੇ ਪ੍ਰਤਿਕਰਮ ਨੂੰ ਸਭਿਆਚਾਰ ਦੇ ਤਾਣੇ-ਪੇਟੇ ਵਿਚ ਜੋੜ ਲਿਆ ਗਿਆ ਹੈ।

ਮਨੁੱਖ ਦੀਆਂ ਬੁਨਿਆਦੀ ਜੀਵ-ਵਿਗਿਆਨਕ ਲੋੜਾਂ ਵੀ ਕਿਸੇ ਸਿੱਖਿਆ ਦੀ ਦੇਣ ਨਹੀਂ (ਭੁੱਖ, ਪਿਆਸ, ਲਿੰਗ-ਕਾਮਨਾ ਆਦਿ), ਪਰ ਇਹਨਾਂ ਦੀ ਪੂਰਤੀ ਦੇ ਢੰਗ ਸਾਡਾ ਸਭਿਆਚਾਰ ਨਿਰਧਾਰਤ ਕਰਦਾ ਹੈ।

ਸਿੱਖਣ ਦੇ ਪੱਖੋਂ ਵੀ ਮਨੁੱਖ ਅਤੇ ਪਸ਼ੂ ਵਿਚ ਬੁਨਿਆਦੀ ਫ਼ਰਕ ਨਹੀਂ, ਮਾਤਰਿਕ ਫ਼ਰਕ ਹੀ ਹੈ। ਮੂਲ ਫ਼ਰਕ ਇਸ ਸਿੱਖਿਆ ਨੂੰ ਆਪਣੀ ਜਿਨਸ ਦੇ ਦੂਜੇ ਜੀਵਾਂ ਤੱਕ ਪੁਚਾਉਣ ਅਤੇ ਪੁਸ਼ਤ-ਦਰ-ਪੁਸ਼ਤੇ ਅੱਗੇ ਤੋਰਨ ਵਿਚ ਹੈ।

ਸਭਿਆਚਾਰ ਦੀ ਨਿਰੰਤਰਤਾ ਨੂੰ ਮੁੱਖ ਰਖਦਿਆਂ ਹੀ ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਇਹ ਸੰਚਿਤ ਹੋਣ ਦਾ ਲੱਛਣ ਰੱਖਦਾ ਹੈ; ਕਿ ਕੁਝ ਵੀ ਭੁਲਾਇਆ ਨਹੀਂ ਜਾਂਦਾ; ਸਭਿਆਚਾਰ ਆਪਣੀ ਹਰ ਕਿਰਤ ਸੰਭਾਲ ਕੇ ਰੱਖਦਾ ਹੈ। ਪਰ ਇਹ ਕਥਨ ਆਪਣੇ ਇਸ ਰੂਪ ਵਿਚ ਸ਼ਾਇਦ ਉਲਾਰੂ ਲੱਗੇ। ਪਦਾਰਥਕ ਸਭਿਆਚਾਰ ਲਈ ਇਹ ਵਧੇਰੇ ਢੁੱਕਦਾ ਹੈ, ਕਿਉਂਕਿ ਪਦਾਰਥਕ ਖੇਤਰ ਵਿਚਲੀ ਹਰ ਨਵੀਂ ਕਾਢ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਨਾਲ ਲੈ ਕੇ ਚਲਦੀ ਹੈ। ਪਰ ਗ਼ੈਰ-ਪਦਾਰਥਕ ਖੇਤਰ ਵਿਚ ਨਿਰੰਤਰਤਾ ਅਤੇ ਚੋਣ ਦੇ ਅਮਲ ਵਿਚ ਕਈ ਨਵੇਂ ਅੰਸ਼ ਪੁਰਾਣਿਆਂ ਨੂੰ ਖ਼ਤਮ ਕਰ ਕੇ ਉਹਨਾਂ ਦੀ ਥਾਂ ਲੈਂਦੇ ਹਨ, ਅਤੇ ਇਹ ਪੁਰਾਣੇ ਅੰਸ਼ ਸਮਾਂ ਪਾ ਕੇ ਮਨੁੱਖਤਾ ਦੀ ਯਾਦ ਵਿਚੋਂ ਮਿਟ ਜਾਂਦੇ ਹਨ। ਮਹਿੰਜੋਦੜੋ ਦੇ ਸਮੇਂ ਦੀਆਂ ਪਦਾਰਥਕ ਲੱਭਤਾਂ ਉਦੋਂ ਦੇ ਲੋਕਾਂ ਦੇ ਪਦਾਰਥਕ ਸਭਿਆਚਾਰ ਦੀ ਪੱਧਰ ਦੀਆਂ ਤਾਂ ਸੂਚਕ, ਹਨ, ਪਰ ਉਹਨਾਂ ਦੇ ਸਮਾਜਕ ਸੰਗਠਨ, ਵਿਸ਼ਵਾਸਾਂ, ਸ਼ਿਸ਼ਟਾਚਾਰ ਆਦਿ ਬਾਰੇ ਇਹਨਾਂ ਤੋਂ ਕੇਵਲ ਕਿਆਸ ਹੀ ਲਾਇਆ ਜਾ ਸਕਦਾ ਹੈ। ਪੰਜਾਬੀ ਸਭਿਆਚਾਰ ਦੀ ਨਿਰੰਤਰਤਾ ਵਿਚ ਪ੍ਰਤੱਖ ਦਿੱਸਦੇ ਖੱਪੇ ਸਾਨੂੰ ਇਸ ਦੀਆਂ ਅਗਿਆਤ ਕੁੜੀਆਂ ਤੋਂ ਦੁਖਾਂਤਕ ਤਰ੍ਹਾਂ ਨਾਲ ਚੇਤੰਨ ਕਰਾਉਂਦੇ ਹਨ। ਇਹ ਵੀ ਸੰਭਵ ਹੈ ਕਿ ਕਈ ਖੱਪੇ ਵੀ ਅਜੇ ਸਾਨੂੰ ਪੂਰੀ ਤਰ੍ਹਾਂ ਪ੍ਰਤੱਖ ਨਾ ਹੋਣ।

ਸਭਿਆਚਾਰ ਦੇ ਸੰਚਿਤ ਹੋਣ ਦੀ ਪ੍ਰਕਿਰਤੀ ਨੂੰ ਪ੍ਰਗਟ ਕਰਦਾ ਇਕ ਤੱਥ ਇਹ ਵੀ ਹੈ ਕਿ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਮਨੁੱਖ ਦੇ ਸਭਿਆਚਾਰਕ ਵਿਕਾਸ ਦੀ ਗਤੀ ਤੇਜ਼ ਹੁੰਦੀ ਜਾਂਦੀ ਹੈ।

ਸਭਿਆਚਾਰ ਦੇ ਉਪ੍ਰੋਕਤ ਸਾਰੇ ਵਰਤਾਰਿਆਂ ਵਿਚ ਮਦਦ ਕਰਦਾ ਇਕ ਹੋਰ

41