ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਕਿ ਭਾਸ਼ਾ। ਪਰ ਇਹਨਾਂ ਦਾ ਵਿਕਾਸ ਵੀ ਸਭਿਆਚਾਰ ਦੇ ਬਾਕੀ ਅੰਗਾਂ ਨਾਲ ਬਿਲਕੁਲ ਅਸੰਬੰਧਿਤ ਨਹੀਂ ਹੁੰਦਾ। (2) ਸਭਿਆਚਾਰ ਸਰਬ-ਵਿਆਪਕ ਹੈ, ਪਰ ਹਰ ਸਮਾਜ ਦਾ ਸਭਿਆਚਾਰ ਵਿਲੱਖਣ ਹੁੰਦਾ ਹੈ। (3) ਸਭਿਆਚਾਰ ਮਨੁੱਖੀ ਸਮਾਜ ਦਾ ਵਰਤਾਰਾ ਹੈ, ਜਿਹੜਾ (4) ਜੀਵ-ਵਿਗਿਆਨਕ ਵਿਰਸੇ ਵਿਚ ਨਹੀਂ ਮਿਲਦਾ ਸਗੋਂ ਸਮਾਜਕ ਵਿਰਸੇ ਵਿਚ ਮਿਲਦਾ ਹੈ; ਅਰਥਾਤ, ਇਹ ਸਿੱਖਿਆ ਜਾਂਦਾ, ਗ੍ਰਹਿਣ ਕੀਤਾ ਜਾਂਦਾ, ਅਤੇ ਸਾਂਝਾ ਕੀਤਾ ਜਾਂਦਾ ਹੈ। (5) ਸਭਿਆਚਾਰ ਸੰਚਿਤ ਹੋਣ ਦੀ ਪ੍ਰਕਿਰਤੀ ਰੱਖਦਾ ਹੈ, ਜਿਸ ਕਰਕੇ ਲੰਘਦੇ ਸਮੇਂ ਨਾਲ ਇਸ ਦੀ ਗਤੀ ਤੇਜ਼ ਹੋਈ ਜਾਂਦੀ ਹੈ। (6) ਪ੍ਰਤੀਕਾਤਮਕਤਾ ਸਭਿਆਚਾਰ ਦਾ ਇਕ ਮਹੱਤਵਪੂਰਣ ਲੱਛਣ ਹੈ, ਜਿਸ ਲਈ ਇਹ ਸੰਚਾਰ ਦਾ ਮਾਧਿਅਮ ਹੋਣ ਦਾ ਝਾਉਲਾ ਪਾਉਂਦਾ ਹੈ। ਸਭਿਆਚਾਰ ਦੀ ਸਾਂਝ ਜਾਂ ਸੂਝ ਤੋਂ ਬਿਨਾਂ ਸੰਚਾਰ ਸੰਭਵ ਨਹੀਂ, ਪਰ ਸੰਚਾਰ ਸਭਿਆਚਾਰ ਦਾ ਪ੍ਰਥਮਿਕ ਮੰਤਵ ਨਹੀਂ ਹੁੰਦਾ। ਇਹ ਪ੍ਰਾਥਮਿਕ ਮੰਤਵ ਭਾਸ਼ਾ ਦਾ ਅਤੇ ਸੰਚਾਰ ਲਈ ਉਚੇਚੇ ਤੌਰ ਉਤੇ ਸਿਰਜੀਆਂ ਗਈਆਂ ਚਿਹਨ-ਪ੍ਰਣਾਲੀਆਂ ਦਾ ਹੁੰਦਾ ਹੈ। ਇਹ ਪ੍ਰਣਾਲੀਆਂ ਵੀ ਸਭਿਆਚਾਰ ਦੀਆਂ ਹੀ ਵਿਸ਼ੇਸ਼ ਸਿਰਜਨਾਵਾਂ ਹੁੰਦੀਆਂ ਹਨ, ਅਤੇ ਆਪਣੇ ਸਭਿਆਚਾਰ ਦੇ ਸੰਦਰਭ ਵਿਚ ਹੀ ਅਰਥ ਰੱਖਦੀਆਂ ਹਨ।

43